ਅੱਵਲ ਅੱਲਾ ਨੂਰ ਉਪਾਇਆ

ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ।
ਏਕ ਨੂਰ ਤੇ ਸਭ ਜਗੁ ਉਪਜਿਆ ਕੌਣ ਭਲੇ ਕੋ ਮੰਦੇ॥

ਗੁਰਬਾਣੀ ਦੀਆਂ ਇਹ ਸਤਰਾਂ ਸਭ ਨੇ ਸੁਣੀਆਂ ਹੋਣਗੀਆਂ ਇਨ੍ਹਾਂ ਉੱਤੇ ਅਮਲ ਦੀ ਗੱਲ ਹਰ ਸਿੱਖ ਜੋ ਕਿ ਪੰਜਾਬੀ ਵੀ ਹੈ, ਅਕਸਰ ਕਰਦਾ ਸੁਣਾਈ ਦਿੰਦਾ ਹੈ।ਇਨ੍ਹਾਂ ਦਾ ਅਰਥ ਵੀ ਸਭ ਨੂੰ ਪਤਾ ਹੀ ਹੈ।ਗੁਰੂਦੁਆਰਿਆਂ ਦੇ ਸਪੀਕਰਾਂ ਵਿੱਚੋਂ ਸੁਣਦੇ ਇਹ ਸ਼ਬਦ ਕਿਸੇ ਵੀ ਪੰਜਾਬੀ ਲਈ ਸੁਹਾਵਣੇ ਅਤੇ ਰੱਬੀ ਫ਼ਰਮਾਨ ਵਰਗੇ ਲਗਦੇ ਹਨ।ਪਰ ਪੰਜਾਬ ਵਿੱਚ ਉਹ ਪੰਜਾਬੀ ਵੀ ਵਸਦੇ ਹਨ ਜਿੰਨ੍ਹਾਂ ਨੂੰ ਹੁਣ ਇਸ ਦੇ ਮਤਲਬ ਸਮਝ ਆਉਣੇ ਸ਼ੁਰੂ ਹੋ ਗਏ ਹਨ ਅਤੇ ਜਿੰਨ੍ਹਾਂ ਨੂੰ ਹੁਣ ਇਨ੍ਹਾਂ ਸ਼ਬਦਾਂ ਦੇ ਅਰਥ ਦੋਬਾਰਾ ਕਰਨੇ ਪੈ ਰਹੇ ਹਨ।ਉਹ ਪੰਜਾਬੀ ਹਨ ਪੰਜਾਬ ਦੇ ਦਲਿਤ, ਜਿੰਨ੍ਹਾ ਲਈ ਇਹ ਸ਼ਬਦ ਉਸ ਕਵਿਤਾ ਵਰਗੇ ਹਨ ਜੋ ਕਵੀ ਨੂੰ ਤਾਂ ਮਹਾਨ ਬਣਾ ਦਿੰਦੀ ਹੈ ਪਰ ਜਿਸ ਬਾਰੇ ਲਿਖੀ ਜਾਂਦੀ ਹੈ ਉਸ ਦੀ ਹਾਲਤ ਜਿਉਂ ਦੀ ਤਿਉਂ ਰਹਿੰਦੀ ਹੈ।
ਪੰਜਾਬ ਵਿੱਚ ਗੁਰੂਦੁਆਰਿਆਂ ਦਾ ਪਿੰਡਾਂ ਵਿੱਚ ਇੱਕ ਤੋਂ ਚਾਰ ਦੀ ਗਿਣਤੀ ਤੱਕ ਪਹੁੰਚਣਾ ਅੱਜ ਦੀ ਗੱਲ ਨਹੀਂ ਹੈ। ਮੇਰੀ ਉਮਰ ਦੇ ਤਿੰਨ ਦਹਾਕੇ ਪੂਰੇ ਹੋ ਗਏ ਹਨ। ਬਚਪਨ ਤੋਂ ਪਿੰਡ ਵਿੱਚ ਵੇਖਦਾ ਆਇਆ ਹਾਂ ਕਿ ਪਿੰਡ ਵਿੱਚ ਦੋ ਆਹਮੋ-ਸਾਹਮਣੇ ਅਤੇ ਦੋ ਵੱਖ-ਵੱਖ ਥਾਵਾਂ ਉੱਤੇ ਗੁਰੂਦੁਆਰੇ ਬਣੇ ਹੋਏ ਹਨ।ਪੰਜਾਬ ਵਿੱਚ ਅਕਸਰ ਆਖਿਆ ਜਾਂਦਾ ਹੈ ਕਿ ਇਹ ਗੁਰਾਂ ਦੇ ਨਾਮ ਉੱਤੇ ਵਸਦਾ ਹੈ ਪਰ ਸੱਚਾਈ ਕੀ ਹੈ ਇਸ ਤੋਂ ਪਾਸਾ ਹੀ ਵੱਟਿਆ ਜਾਂਦਾ ਰਿਹਾ ਹੈ। ਗੋਲਕਾਂ ਦੀ ਲੜਾਈ ਤੋਂ ਲੈ ਕੇ ਦਲਿਤਾਂ ਦੀ ਗੁਰੂਦੁਆਰਿਆਂ ਵਿੱਚ ਹੁੰਦੀ ਬੇਹੁਰਮਤੀ ਆਮ ਜਿਹੀ ਗੱਲ ਰਹੀ ਹੈ।ਪੰਜਾਬ ਦੇ ਪਿੰਡਾਂ ਵਿੱਚ ਅਲੱਗ-ਅਲੱਗ ਭਾਈਚਾਰਿਆਂ ਦੀਆਂ ਆਪਣੀਆਂ ਸੱਥਾਂ ਹਨ ਅਤੇ ਆਪਣੀਆਂ ਥਾe੍ਹੀਆਂ (ਧਰਮਸ਼ਾਲਾਵਾਂ) ਬਣੀਆਂ ਹੋਈਆਂ ਹਨ।ਜੱਟ ਜ਼ਿਮੀਦਾਰ ਜੇ ਆਪਣੀ ਪੱਤੀ ਦੀ ਥਾe੍ਹੀ ਵਿੱਚ ਅਖੰਡ ਪਾਠ ਪ੍ਰਕਾਸ਼ ਕਰਵਾਉਂਦੇ ਹਨ ਤਾਂ ਜ਼ਾਹਰ ਹੈ ਕਿ ਉਹ ਵਿਹੜ੍ਹੇ ਵਾਲਿਆਂ ਨੂੰ ਭੋਗ ਉੱਤੇ ਨਹੀਂ ਬੁਲਾਉਂਦੇ।ਜੇ ਦਲਿਤਾਂ ਦੇ ਬੱਚੇ ਕਦੀ ਕਦੀ ਜ਼ਿਮੀਦਾਰਾਂ ਦੀ ਥਾe੍ਹੀ ਵਿੱਚ ਪੈ ਰਹੇ ਭੋਗ ਉੱਤੇ ਪਹੁੰਚ ਵੀ ਜਾਣ ਤਾਂ ਉਨ੍ਹਾਂ ਦੀ ਅਲੱਗ ਤੋਂ ਲਾਈਨ ਲਗਵਾਈ ਜਾਂਦੀ ਹੈ।ਅਖੰਡ ਪਾਠਾਂ ਦੇ ਭੋਗਾਂ ਦੀਆਂ ਇਨ੍ਹਾਂ ਲਾਈਨਾਂ ਲੱਗਣ ਦਾ ਮੈਂ ਪ੍ਰਤੱਖ ਗਵਾਹ ਹਾਂ।ਉਧਰ ਜੇ ਮਜ਼੍ਹਬੀ ਸਿੱਖ ਜਾਂ ਰਵਿਦਾਸੀਏ ਸਿੱਖ ਆਪਣੀ ਥਾe੍ਹੀ ਵਿੱਚ ਕਰਵਾਉਣ ਤਾਂ ਉਹ ਇਨ੍ਹਾਂ ਜ਼ਿਮੀਦਾਰਾਂ ਨੂੰ ਜਰੂਰ ਬੁਲਾਉਂਦੇ ਹਨ।ਵਿਆਹਾਂ ਸ਼ਾਦੀਆਂ ਵੇਲੇ ਵੀ ਤਕਰੀਬਨ ਇਹੀ ਹੁੰਦਾ ਹੈ। 
90 ਦੇ ਦਹਾਕੇ ਵਿੱਚ ਦਲਿਤਾਂ ਨੇ ਇਨ੍ਹਾਂ ਸਾਰੇ ਕਾਰਨਾਂ ਕਰਕੇ ਪਹਿਲਾਂ ਗੁਰੂਦੁਆਰਿਆਂ ਦੀ ਉਸਾਰੀ ਵੱਖਰੀ ਹੂੰਦੀ ਗਈ ਅਤੇ ਗੱਲ ਇੱਥੇ ਹੀ ਨਾ ਰੁਕ ਕੇ ਦਲਿਤ ਭਾਈਚਾਰੇ ਨੇ ਸਿੱਖ ਧਰਮ ਛੱਡ ਕੇ ਡੇਰਿਆਂ ਵਿੱਚ ਜਾਣ ਨੂੰ ਵੀ ਤਰਜ਼ੀਹ ਦਿੱਤੀ। ਸਿਰਸੇ ਵਾਲੇ, ਭਨਿਆਰੇ ਵਾਲੇ, ਨੂਰਮਹਿਲੀਏ ਵਰਗੇ 'ਬਾਬੇ' ਇਸ ਦਾ ਚੰਗਾ ਫ਼ਾਇਦਾ ਉਠਾ ਗਏ ਅਤੇ ਇਨ੍ਹਾਂ ਪਿੱਛੇ ਜੋ ਸਿਆਸਤ ਕੰਮ ਕਰ ਰਹੀ ਸੀ ਉਸ ਨੂੰ ਤਾਂ ਆਪਣੇ ਮਕਸਦ ਵਿੱਚ ਵੀ ਕਾਮਯਾਬੀ ਮਿਲੀ।ਇਹ ਹਾਲਤ ਹੈ ਪੰਜਾਬ ਵਿੱਚ ਦਲਿਤ ਦੀ ਜੋ ਕਿ ਹੁਣ ਉੱਭਰ ਕੇ ਸਾਹਮਣੇ ਆ ਰਹੀ ਹੈ।ਮਾਨਸਾ ਦੇ ਪਿੰਡ ਫਫੜੇ ਭਾਈਕੇ ਦੇ ਗੁਰੂਦੁਆਰਾ ਦੀ ਹਦੂਦ ਅੰਦਰ ਨਿੱਕੀ ਬੱਚੀ ਨਾਲ ਜੋ ਵਤੀਰਾ ਹੋਇਆ ਹੈ ਉਸ ਕਰਕੇ ਬੱਚੀ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।ਇਸ ਵਰਤਾਰੇ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਰੋਕਣ ਦਾ ਕੰਮ ਸਿੱਖਾਂ ਦੀ 'ਸਿਰਮੌਰ' ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਪਰ ਕਮੇਟੀ ਇਨ੍ਹਾ ਹਾਲਤਾਂ ਵਿੱਚ ਫਫੜੇ ਭਾਈਕੇ ਦੇ ਗੁਰੂਦੁਆਰਾ ਪ੍ਰਧਾਨ ਨੂੰ ਗ੍ਰਿਫ਼ਤਾਰ ਵੀ ਨਹੀਂ ਕਰਵਾ ਸਕੀ। ਉਲਟਾ ਦਲਿਤ ਆਗੂਆਂ ਉੱਤੇ ਹੀ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਕਿ ਕੁੜੀ ਨੇ ਕੋਈ ਜ਼ਹਿਰੀਲੀ ਚੀਜ਼ ਨਹੀਂ ਖਾਧੀ ਅਤੇ ਪ੍ਰਧਾਨ ਨੇ ਕੁੜੀ ਨੂੰ ਕੋਈ ਜਾਤੀ ਸੂਚਕ ਸ਼ਬਦ ਨਹੀਂ ਬੋਲਿਆ।ਇਨ੍ਹਾਂ ਹਲਾਤਾਂ ਵਿੱਚ 'ਗੁਰੂ ਨਾਨਕ ਨਾਮ ਲੇਵਾ' ਸਿੱਖ ਸੰਗਤਾਂ ਦੇ ਸੋਚਣ ਦਾ ਸੁਆਲ ਹੈ ਕਿ ਇਨ੍ਹਾਂ ਗੱਲਾਂ ਦੇ ਸੱਚ ਅਤੇ ਝੂਠ ਦਾ ਨਿਤਾਰਾ ਕੌਣ ਕਰੇਗਾ? ਗੁਰੁ ਗ੍ਰੰਥ ਸਾਹਿਬ ਦੇ 'ਏਕਸ ਕੇ ਹਮ ਬਾਰੁਕ' ਦੀ ਲਾਜ਼ ਕੌਣ ਰੱਖੇਗਾ? ਇਨ੍ਹਾਂ ਨੂੰ ਝੂਠਾ ਪੈਣ ਤੋਂ ਕੌਣ ਬਚਾਵੇਗਾ?

ਦਾਸਤਾਨ ਇੱਕ ਸਰਕਾਰੀ ਸਕੂਲ ਦੀ

ਮੈਂ ਇੱਕ ਛੋਟੇ ਜਿਹੇ ਪਿੰਡ ਦਾ ਸਰਕਾਰੀ ਸਕੂਲ ਬੋਲਦਾ ਹਾਂ, ਮੈਂ ਹਾਰ ਕੇ ਆਪਣੀ ਹੱਡ ਬੀਤੀ ਸੁਣਾਉਣ ਲੱਗਾ ਹਾਂ ਕਿਉਂਕਿ ਮੈਂ ਹੁਣ ਆਖਰੀ ਸਾਹਾਂ ਤੇ ਹਾਂ ਅਤੇ ਮੈਂ ਆਪਣੇ ਵਾਰਸਾਂ ਨੂੰ ਆਖਰੀ ਵਾਰ ਮਿਲਣਾ ਚਾਹੁੰਦਾ ਹਾਂ। 60 ਕੁ ਸਾਲ ਪਹਿਲਾਂ ਪਿੰਡ ਦੇ ਸਰਪੰਚ ਨੇ ਨਿੱਕੇ ਬੱਚਿਆਂ ਲਈ ਮੇਰੀ ਪਹਿਲੀ ਤੋਂ ਪੰਜਵੀ ਤੱਕ ਪੜ੍ਹਨ ਲਈ ਸਰਕਾਰ ਤੋਂ ਮਨਜੂਰੀ ਲਈ ਅਤੇ ਦੋ ਕਮਰੇ ਦੀ ਇਮਾਰਤ ਬਣਾ ਜੇ ਪਿੰਡ ਦੇ ਮੁੱਢ ਵਿੱਚ, ਸੜਕ ਦੇ ਨਾਲ, ਮੇਰਾ ਢਾਂਚਾ ਖੜਾ ਕਰ ਦਿੱਤਾ। ਅਧਿਆਪਕਾਂ ਸਮੇਤ ਮੈਨੂੰ ਸੁਸ਼ੋਭਤ ਕੀਤਾ ਅਤੇ ਮੈਂ ਬੜੇ ਫਖਰ ਨਾਲ ਪੂਰੀ ਸੇਵਾ ਵਿੱਚ ਸਥਾਪਿਤ ਹੋ ਗਿਆ। ਆਪਣੇ ਪਿੰਡ ਦੇ ਨਿੱਕੇ ਬਾਲ ਬੱਚਿਆਂ ਨੂੰ ਤਰੱਕੀ ਕਰਦੇ ਦੇਖਣ ਲਈ ਭਲੇ ਜਮਾਨੇ ਸਨ। ਧੀਆਂ ਪੰਜ ਪੜ੍ਹ ਕੇ ਕੰਮ ਕਾਰ ਸਿੱਖਦੀਆਂ ਅਤੇ ਸਹੁਰੇ ਘਰ ਜਾ ਵਸਦੀਆਂ, ਪੁੱਤਰ ਕੁਝ ਕੁ ਪਿੰਡ ਦਾ ਕਾਰੋ ਬਾਰ ਸੰਭਾਲ ਲੈਂਦੇ ਅਤੇ ਹਰ ਸਾਲ ਵਿੱਚੋਂ ਇੱਕ ਦੋ ਕੋਈ ਸ਼ਹਿਰੀ ਜਾਂ ਨਾਲ ਦੇ ਪਿੰਡਾ ਦੇ ਵੱਡੇ ਸਕੂਲਾਂ ਤੋਂ ਪੜ੍ਹ ਕੇ ਸਰਕਾਰੀ ਨੌਕਰੀ ਤੱਕ ਵੀ ਅੱਪੜ ਜਾਂਦੇ। ਜਦੋਂ ਉਹ ਸੂਟਡ ਬੂਟਡ ਹੋ ਕੇ ਮੇਰੇ ਕੋਲ ਦੀ ਲੰਘਦੇ ਤਾਂ ਮੈਂ ਫੁੱਲਿਆ ਨਾਂ ਸਮਾਉਂਦਾ ਅਤੇ ਪਾਸੇ ਥੁੱਕ ਦਿੰਦਾ ਕਿਧਰੇ ਮੇਰੇ ਪੁੱਤਰਾਂ ਨੂੰ ਮੇਰੀ ਨਜ਼ਰ ਨਾਂ ਲੱਗ ਜਾਵੇ। ਮਨ ਹੀ ਮਨ ਉਹਨਾਂ ਦੀ ਖੁਸ਼ਹਾਲੀ ਦੀਆਂ ਦੁਆਵਾਂ ਕਰਦਾ। ਪਰ ਸਮੇਂ ਦੇ ਗੇੜ ਨਾਲ ਬੁਰੀ ਨਜ਼ਰ ਮੈਨੂੰ ਹੀ ਲੱਗ ਗਈ। ਮੈਂ ਪੰਜਵੀ ਤੋਂ ਅੱਠਵੀਂ ਦਾ ਤਾਂ ਹੋ ਗਿਆ, ਪਰ ਮੇਰੇ ਪੁੱਤਰਾਂ ਨੇ ਮੇਰੇ ਪੋਤਰੇ ਪੋਤਰੀਆਂ ਨੂੰ ਮੇਰੇ ਘਰ ਨਾਂ ਪੜ੍ਹਾਉਣ ਦੀ ਸਹੁੰ ਖਾ ਲਈ ਕਿ ਇੱਥੇ ਤਾਂ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ, ਬੱਚੇ ਚੰਗੀਆਂ ਨੌਕਰੀਆਂ ਨਹੀਂ ਕਰ ਸਕਦੇ। ਬਾਹਰਲੇ ਦੇਸ਼ਾਂ ਵਿੱਚ ਜਾ ਕੇ ਅੰਗਰੇਜੀ ਬੋਲ ਨਹੀਂ ਸਕਦੇ। ਸਰੀਕਾਂ ਨੇ ਘਰ ਦੀ ਪਾਟੋ ਧਾੜ ਦਾ ਫਾਇਦਾ ਉਠਾਇਆ। ਸੜਕ ਦੇ ਦੂਜੇ ਪਾਰ ਅਗਲੇ ਪਿੰਡ ਦੇ ਸ਼ੁਰੂ ਵਿੱਚ ਅੰਗਰੇਜ਼ੀ ਮੀਡੀਅਮ ਸਕੂਲ ਖ੍ਹੋਲ ਲਏ। ਹੁਣ ਸਾਰੇ ਪਿੰਡ ਦੇ ਸਰਦੇ ਪੁੱਗਦੇ ਪੁੱਤਰਾਂ ਦੇ ਬੱਚੇ ਮੈਨੂੰ ਬਿਨਾਂ ਮਿਲਿਆਂ ਵੈਨਾਂ ਤੇ ਸਵਾਰ ਹੋ ਕੇ ਲਾਗਲੇ ਪਿੰਡਾ ਵਿੱਚ ਪੜ੍ਹਨ ਜ਼ਾਂਦੇ ਹਨ। ਬੱਸ ਮੇਰੇ ਕੋਲ ਤਾਂ ਕੁਝ ਕੁ ਗਰੀਬ ਜਿਹੇ ਪੋਤਰੇ ਪੋਤਰੀਆਂ ਹੀ ਪੜ੍ਹਨ ਆਉਂਦੇ ਹਨ।
ਉਹ ਵੀ ਪੜ੍ਹਨ ਤਾਂ ਕੀ ਜਿਵੇਂ ਬੱਸ ਖਾਣਾਂ ਖਾਣ ਹੀ ਆਉਂਦੇ ਹਨ। ਮੈਂ ਉਹਨਾਂ ਨੂੰ ਜੁੱਤੀਆਂ, ਕੱਪੜੇ ਕਿਤਾਬਾਂ, ਖਾਣਾਂ ਸਭ ਕੁਝ ਹੀ ਦੇ ਕੇ ਵਰਾ ਵਰਾ ਕਿ ਪੜਾਉਂਦਾ ਹਾਂ ਕਿ ਕਿਧਰ ਇਹ ਵੀ ਆਉਣੋ ਹਟ ਗਏ ਤਾਂ ਪਤਾ ਨਹੀਂ ਮੇਰੀਆਂ ਨਬਜ਼ਾਂ ਕਦੋਂ ਖੜ ਜਾਣ। ਪਰ ਇਸ ਦੇ ਉਲਟ ਮੇਰੇ ਪਿੰਡ ਦੇ ਬਹੁਤ ਸਾਰੇ ਬੱਚੇ ਪਿੰਡੋਂ ਪੜ੍ਹ ਕੇ ਅਧਿਆਪਕ, ਇੰਜੀਨੀਅਰ, ਡਿਜਾਈਨਰ ਬਣ ਚੁਕੇ ਹਨ ਬਾਕੀ ਮੇਰੇ ਬਹੁਤ ਸਾਰੇ ਧੀਆਂ ਪੁੱਤਰ ਸਖਤ ਮਿਹਨਤ ਸਦਕਾ ਬਾਹਰਲੇ ਦੇਸ਼ਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਪਰ ਹੁਣ ਇਹਨਾਂ ਨੁੰ ਕੌਣ ਸਮਝਾਵੇ ਹੁਣ ਤਾਂ ਮੇਰੀ ਸਾਂਭ ਸੰਭਾਲ ਵੱਲ ਵੀ ਕੋਈ ਧਿਆਨ ਨਹੀਂ ਦਿੰਦਾ ਮੇਰੇ ਸਿਰ ਤੇ ਬਹੁਤ ਸਾਰਾ ਘਾਹ ਉਗ ਆਇਆ ਹੈ।ਛੱਤਾਂ ਦੇ ਪਰਨਾਲੇ ਜਿਵੇਂ ਕਮਰਿਆਂ ਵਿੱਚ ਵਗਦੇ ਹੋਣ ਬਾਰੀਆਂ ਬੂਹੇ ਟੁੱਟੇ ਪਏ ਹਨ ਫੁੱਲ ਬੂਟੇ ਗਾਂਵਾਂ ਵੱਛੇ ਖਾਅ ਜਾਂਦੇ ਹਨ।ਬਸ ਮੇਰਾ ਹਾਲ ਪੁਰਾਣੀ ਮਸੀਤ ਵਰਗਾ ਹੋਇਆ ਪਿਆ ਹੈ।ਮੀਂਹ ਵਾਲੇ ਦਿਨ ਨਿੱਕੇ ਬੱਚੇ ਸਾਰਾ ਦਿਨ ਪਾਣੀ ਹੂੰਝਣ ਲੱਗੇ ਰਹਿੰਦੇ ਹਨ।ਜਦ ਕੇ ਮੇਰੇ ਸਾਹਮਣੇ ਪ੍ਰਾਈਵੇਟ ਸਕੂਲ ਹਰ ਸਾਲ ਇੱਕ ਮੰਜਲ ਵਧਾ ਲੈਂਦਾ ਹੈ।ਪੰਜ ਸ਼੍ਰੇਣੀਆਂ ਕੋਲ ਸਿਰਫ ਇੱਕ ਅਧਿਆਪਕ ਅਤੇ ਇੱਕ ਵਲੰਟੀਅਰ ਹਨ।ਜਿੰਨਾਂ ਦੇ ਸਿਰ ਤੇ ਸਾਰਾ ਦਿਨ ਡਾਕ ਸਵਾਰ ਰਹਿੰਦੀ ਹੈ ਆਪਣੇ ਹੀ ਪਿੰਡ ਵਿੱਚ ਹੁੰਦਿਆਂ ਹੋਇਆਂ ਮੇਰੀ ਹਾਲਤ ਵਿਆਹ ਵਾਲੇ ਘਰ ਦੇ ਮੰਗਤਿਆਂ ਵਰਗੀ ਹੋਈ ਪਈ ਹੈ।ਬੱਸ ਪੁੱਤਰੋ ਮੈਂ ਤਾਂ ਹੁਣ ਥੱਕ ਗਿਆ ਹਾਂ ਰੱਬ ਥੋਨੂੰ ਰਾਜੀ ਰੱਖੇ ਕਿਹੜਾ ਕਿਸੇ ਤੇ ਕੋਈ ਜੋਰ ਐ।

ਸ਼ਰਨਜੀਤ ਕੌਰ

9876591022


(ਸ਼ਰਨਜੀਤ ਕੌਰ ਮੋਗਾ ਜਿਲ੍ਹੇ ਦੇ ਪਿੰਡ ਜੋਗੇਵਾਲਾ ਦੇ ਸਰਕਾਰੀ ਸਕੂਲ ਵਿੱਚ ਇੱਕ ਵਲੰਟੀਅਰ ਦੇ ਤੌਰ ''ਤੇ ਪੜ੍ਹਾਉਂਦੇ ਹਨ। ਇਨ੍ਹਾਂ ਦੁਆਰਾ ਲਿਖਿਆ ਇਹ ਆਰਟੀਕਲ ਪੰਜਾਬ ਦੇ ਇੱਕ ਸਰਕਾਰੀ ਸਕੂਲ ਦੀ ਬਾਤ ਪਾਉਂਦਾ, ਸਰਕਾਰੀ ਤੰਤਰ ਅੱਗੇ ਸਵਾਲ ਖੜ੍ਹੇ ਕਰਦਾ ਹੋਇਆ ਸਾਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ।
 
ਤਸਵੀਰਾਂ: ਖੁਦ ਲੇਖਕ ਅਤੇ ਹਰਜੀਤ ਸਿੰਘ )

ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ 'ਕਿੱਸਾ ਪੰਜਾਬ'


ਪੰਜਾਬ ਦੀ ਧਰਤੀ ਨੂੰ ਜੇ ਸਰਸਰੀ ਜਿਹੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਬੇਸ਼ੱਕ ਤੁਹਾਨੂੰ ਸਰ੍ਹੋਂ ਦੇ ਖੇਤਾਂ ਵਿੱਚੋਂ ਆਉਂਦੀ ਮਹਿਕ ਚੰਗੀ ਲੱਗੇ ਬੇਸ਼ੱਕ ਖੇਤਾਂ ਦੀ ਹਰਿਆਲੀ ਦਿਲ ਨੂੰ ਧੁਹ ਪਾਉਣ ਵਾਲੀ ਹੋਵੇ ਪਰ ਇੱਕ ਸੱਚ ਇਹ ਵੀ ਹੈ ਕਿ ਇੱਥੋਂ ਦੀ ਫਿਜ਼ਾ ਵਿੱਚ ਜ਼ਹਿਰ ਘੁਲ ਗਿਆ ਹੈ।ਉਹ ਜ਼ਹਿਰ ਸ਼ੁਕਰਾਤ ਦੀ ਹੋਣੀ ਬਣਿਆ ਅਤੇ ਅੱਜ ਪੰਜਾਬ ਦੇ ਹਰੇਕ ਜੀਅ ਦੀ ਹੋਣੀ ਬਣ ਗਿਆ ਹੈ।ਇਹ ਜ਼ਹਿਰ ਚਿਹਰੇ ਤੋਂ ਲੈ ਕੇ ਸਰੀਰ ਦੇ ਕਣ-ਕਣ 'ਤੇ ਅਸਰਅੰਦਾਜ਼ ਹੋਇਆ ਹੈ।
ਪੰਜਾਬ ਦੀ ਜਵਾਨੀ ਇਸ ਜ਼ਹਿਰ ਤੋਂ ਖਾਸੀ ਬੁਰੀ ਤਰ੍ਹਾਂ ਪੀੜਤ ਹੈ। ਤੇਜੀ ਨਾਲ ਬਦਲ ਰਹੇ ਆਲਮੀ ਅਰਥਚਾਰੇ ਅਤੇ ਬਦਲਦੀਆਂ ਸਮਾਜਿਕ ਕਦਰਾਂ-ਕੀਮਤਾਂ ਨੇ ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਦੇ ਪਿੰਡੇ ਲੂਹ ਸੁੱਟੇ ਹਨ।ਇਸ ਜਵਾਨੀ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਅਤੇ ਜਿਨ੍ਹਾਂ ਨੇ ਆਪਣੇ ਰਾਹ ਚੁਣੇ ਹਨ ਉਨ੍ਹਾਂ ਰਾਹਾਂ ਦੇ ਸਫ਼ਰ ਅਤੇ ਅੰਤ ਦਾ ਉਨ੍ਹਾਂ ਨੂੰ ਕੋਈ ਥਹੁ ਪਤਾ ਲਗਦਾ ਨਹੀਂ ਦਿਸਦਾ।ਇਹ ਜਵਾਨੀ ਹੁਣ ਹਰ ਕਿਸੇ ਕੋਲੋਂ ਤਾਨ੍ਹਿਆਂ-ਮਿਹਣਿਆਂ ਦੀ ਸਿਆਸਤ ਦਾ ਸ਼ਿਕਾਰ ਹੋ ਰਹੀ ਹੈ। ਸਮਾਜ ਵਿੱਚ ਉਨ੍ਹਾਂ ਨੂੰ ਬਣਦਾ ਰੁਤਬਾ ਮਿਲਣਾ ਅਤੇ ਬਣਾ ਸਕਣਾ ਉਨ੍ਹਾਂ ਲਈ ਮੁਸ਼ਕਲ ਲੱਗ ਰਿਹਾ ਹੈ।ਇਨ੍ਹਾਂ ਗੱਭਰੂਆਂ-ਮੁਟਿਆਰਾਂ ਨਾਲ ਕਿਸੇ ਨੇ ਸੰਵਾਦ ਰਚਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ ਉਲਟਾ ਉਨ੍ਹਾਂ ਨੂੰ ਇਸ ਤਰ੍ਹਾਂ ਭੰਡਿਆ ਜਾ ਰਿਹਾ ਹੈ ਜਿਵੇਂ ਸਾਰੀਆਂ ਗਲਤੀਆਂ ਇਨ੍ਹਾਂ ਨੇ ਹੀ ਕੀਤੀਆਂ ਹੋਣ।ਇਸ ਤਰ੍ਹਾਂ ਦੀ ਕਹਾਣੀ ਕਹਿਣ ਲਈ ਅਤੇ ਇਨ੍ਹਾਂ ਗੱਭਰੂਆਂ-ਮੁਟਿਆਰਾਂ ਨਾਲ ਸੰਵਾਦ ਰਚਾਉਣ ਲਈ 'ਕਿੱਸਾ ਪੰਜਾਬ'ਨਾਮ ਦੀ ਪੰਜਾਬੀ ਫ਼ਿਲਮ ਸਿਨੇਮਾਘਰਾਂ ਵਿੱਚ ਪਰਦਾਪੇਸ਼ ਹੋਈ ਹੈ। ਪਹਿਲੀ ਨਜ਼ਰ ਵਿੱਚ ਵੇਖਣ ਨੂੰ ਲਗਦਾ ਹੈ ਕਿ ਫ਼ਿਲਮ ਨਸ਼ੇ ਦੇ ਮੁੱਦੇ 'ਤੇ ਬਣੀ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਫ਼ਿਲਮ ਦੀ ਕਹਾਣੀ ਉਨ੍ਹਾਂ ਛੇ ਕਿਰਦਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਇਹੋ ਜਿਹੇ ਮੁਕਾਮ 'ਤੇ ਆ ਗਈ ਹੈ ਜਿੱਥੇ ਕਿ ਉਨ੍ਹਾਂ ਲਈ ਜ਼ਿੰਦਗੀ ਤੋਂ ਭੱਜਣਾ ਮੁਸ਼ਕਲ ਹੋ ਗਿਆ ਹੈ ਪਰ ਉਹ ਭੱਜ ਕੇ ਕਿੱਥੇ ਜਾਣ ਇਹ ਸਵਾਲ ਵੀ ਉਨ੍ਹਾਂ ਲਈ ਵੱਡਾ ਹੈ?

ਫ਼ਿਲਮ ਹਦਾਇਤਕਾਰੀ ਪੱਖੋਂ ਵਜਨਦਾਰ ਫ਼ਿਲਮ ਹੈ।ਪੰਜਾਬੀ ਸਿਨੇਮਾ ਵਿੱਚ ਅਜਿਹੀਆਂ ਫ਼ਿਲਮਾਂ ਦੀ ਅਤੇ ਚੰਗੇ ਹਦਾਇਤਕਾਰਾਂ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ।ਨੌਜਵਾਨ ਹਦਾਇਤਕਾਰ ਜਤਿੰਦਰ ਮੌਹਰ ਇਸ ਕਦਮ ਲਈ ਵਧਾਈ ਦਾ ਪਾਤਰ ਹੈ ਜਿਸ ਨੇ ਪੰਜਾਬ ਦੇ ਕਿੱਸੇ ਨੰ ਪਰਦਾਪੇਸ਼ ਕੀਤਾ ਹੈ।ਫ਼ਿਲਮ ਦਾ ਸੰਗੀਤ ਫ਼ਿਲਮ ਦੀ ਜਾਨ ਹੋ ਨਿੱਬੜਦਾ ਹੈ।
ਜਤਿੰਦਰ ਮੌਹਰ, ਫ਼ਿਲਮ ਹਦਾਇਤਕਾਰ
ਬਕੌਲ ਜਤਿੰਦਰ ਮੌਹਰ ਸੰਗੀਤ ਫ਼ਿਲਮ ਦੀ ਸੰਪਾਦਕੀ ਹੁੰਦਾ ਹੈ। ਇਸ ਸੰਪਾਦਕੀ ਲਈ ਸੰਗੀਤਕਾਰ ਗੁਰਮੋਹ ਵਧੀਆ ਚੋਣ ਜਾਪਦਾ ਹੈ।ਗੁਰਦਾਸ ਮਾਨ ਅਤੇ ਜੋਤੀ-ਨੂਰਾਂ ਦੁਆਰਾ ਗਾਏ ਗੀਤ ਫ਼ਿਲਮ ਦੀ ਜਾਨ ਹੋ ਨਿੱਬੜਦੇ ਹਨ।ਕਿਸੇ ਸਮੇਂ ਮਰਹੂਮ ਗਾਇਕ ਨਛੱਤਰ ਛੱਤੇ ਦੁਆਰਾ ਗਾਏ ਗੀਤ 'ਸਾਉਣ ਦਾ ਮਹੀਨਾ' ਨੂੰ ਦੋਬਾਰਾ ਗਵਾ ਕੇ ਫ਼ਿਲਮ ਅਤੇ ਹੀਰੇ ਦੇ ਕਿਰਦਾਰ ਨਾਲ ਇਨਸਾਫ਼ ਕੀਤਾ ਗਿਆ ਹੈ।ਇਸ ਤਰ੍ਹਾਂ ਦੀ ਕਹਾਣੀ ਲਿਖਣਾ ਉਦੈ ਪ੍ਰਤਾਪ ਸਿੰਘ ਦੇ ਹਿੱਸੇ ਆਇਆ ਹੈ ਅਤੇ ਇਸ ਤਰ੍ਹਾਂ ਦੀ ਕਹਾਣੀ 'ਤੇ ਫ਼ਿਲਮ ਬਣਾਉਣ ਲਈ ਵਿੱਤੀ ਮਾਲਿਕ ਅਨੂ ਬੈਂਸ ਨੂੰ ਸਰਾਹਿਆ ਜਾ ਸਕਦਾ ਹੈ।ਹਰੇ ਭਰੇ ਅਤੇ ਸਰ੍ਹੋਂ ਦੇ ਖੇਤਾਂ ਵਾਲੇ ਪੰਜਾਬ 'ਤੇ ਹੋਰ ਮੌਸਮ ਵੀ ਅਸਅੰਦਾਜ਼ ਹੁੰਦੇ ਹਨ। ਫ਼ਿਲਮ ਦੇ ਕਈ ਦ੍ਰਿਸ਼ਾਂ ਵਿੱਚ ਵਿਖਾਈ ਦਿੰਦੀ ਸਲੇਟੀ ਰੰਗ ਦੀ ਧੁੰਦ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਪਸਰੀ ਧੁੰਦ ਨਾਲ ਮਿਲਦੀ ਜੁਲਦੀ ਨਜ਼ਰ ਆਉਂਦੀ ਹੈ।ਫ਼ਿਲਮ ਹੌਲੌ-ਹੌਲੀ ਆਪਣੇ ਨਾਲ ਤੋਰ ਲੈਂਦੀ ਹੈ। ਫ਼ਿਲਮ ਵੇਖਦੇ ਸਮੇਂ ਅਹਿਸਾਸ ਹੁੰਦਾ ਹੈ ਕਿ ਇਹ ਕਿਰਦਾਰ ਸਾਡੇ ਵਿੱਚੋਂ ਹੀ ਨੇ ਤੇ ਸਪੀਡ ਵਰਗੇ ਪਾਤਰਾਂ ਨਾਲ ਗੱਲ ਕਰਨ ਨੂੰ ਦਿਲ ਕਰਦਾ ਹੈ। ਹੀਰੇ ਨੂੰ ਪੁੱਛਣ ਨੂੰ ਦਿਲ ਕਰਦਾ ਹੈ ਕਿ ਉਸ ਨੂੰ ਹੌਲ ਕਿਉਂ ਪੈਂਦੇ ਹਨ।ਇਹ ਫ਼ਿਲਮ ਅਤੇ ਹਦਾਇਤਕਾਰ ਦੇ ਹੁਨਰ ਦੀ ਪ੍ਰਾਪਤੀ ਹੈ ਜੋ ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ ਪਰਦੇ 'ਤੇ ਇਸ ਤਰ੍ਹਾਂ ਲਿਖਣ ਵਿੱਚ ਸਫਲ ਹੋਇਆ ਹੈ। 


ਬਿੰਦਰਪਾਲ ਫ਼ਤਿਹ
ਸੰਪਰਕ:  94645-10678

ਗੱਲ 1984 ਦੇ ਦੰਗਿਆਂ ਦੀਉਸ ਸਮੇਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਜਦੋਂ ਭਾਰਤ ਆਪਣੇ ਪਿੰਡੇ ‘ਤੇ ਦੂਜੀ ਵਾਰ ਧਰਮ ਦੇ ਨਾਂ ‘ਤੇ ਦੁੱਖਦਾਈ ਭਾਂਬੜ ਵਿੱਚ ਜਾ ਰਿਹਾ ਸੀ | ਗੱਲ 1984 ਦੇ ਦੰਗਿਆਂ ਦੀ ਹੈ ਉਸ ਸਮੇਂ ਕੁਝ ਅਜਿਹੇ ਭਲੇਮਾਣਸ ਲੋਕਾਂ ਨੂੰ ਮਿਲਣ ਦਾ ਸੁਭਾਗ ਮਿਲਿਆ ਜਿਨ੍ਹਾਂ  ਨੇ ਭਾਰਤ ਪਾਕ ਵੰਡ ਨੂੰ ਆਪਣੇ ਪਿੰਡੇ ਤੇ ਹੰਢਾਇਆ ਸੀ | ਉਹਨਾਂ ਵਿਚੋਂ ਮੇਰੇ ਮਿੱਤਰ ਸ਼ਿਨ੍ਨ੍ਦਰ ਸਿੰਘ ਰਾਜੋ-ਮਾਜਰਾ ਤੇ ਦਾਨਾ ਬਡਬਰ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ | ਇੱਕ ਦਿਨ ਉਮਰ ਵਿੱਚ ਵਡੇਰੇ ਹੋਣ ਕਰਕੇ ਮੈਂ ਕਿਹਾ ਬਾਪੂ ਜੀ ਤੁਹਾਨੂੰ ਰਫਿਊਜੀ ਕਿਉਂ ਆਹੰਦੇ ਹਨ ? ਬਜ਼ੁਰਗ ਆਲਾ ਸਿੰਘ ਦਾ ਜਵਾਬ ਸੀ ਕਿ ਪੁੱਤਰ ਰਫਿਊਜੀ ਜੋ ਪਾਕਿਸਤਾਨੋਂ ਉੱਜੜ ਕੇ ਆਏ ਉਸਨੂੰ ਰਫਿਊਜੀ ਕਹਿੰਦੇ ਹਨ | ਫੇਰ ਮੈਂ ਕਿਹਾ ਤੁਸੀਂ ਉੱਜੜ ਕੇ ਕਿਉਂ ਆਏ ? ਉਹਨਾਂ ਮੈਨੂੰ ਮਾਤਾ ਕਰਤਾਰ ਕੌਰ ਤੋਂ ਪੁੱਛਣ ਲਈ ਕਿਹਾ, ਮਾਤਾ ਕਰਤਾਰ ਕੌਰ ਤੋਂ ਪੁੱਛਿਆ | ਉਹਨਾਂ ਜਵਾਬ ਦਿੱਤਾ ਪੁੱਤ ਮੈਨੂੰ ਜਿਆਦਾ ਹੋਸ਼ ਤਾਂ ਨਹੀਂ ਪਰ ਉਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਬਣਨ ਦੀਆਂ ਗੱਲਾਂ ਹੋ ਰਹੀਆਂ ਸਨ | ਲੜਾਈ ਦੇ ਬਿਗੁਲ ਵੱਜ ਚੁੱਕੇ ਸਨ | ਨਗਾਰੇ ਚੋਟ ਲੱਗ ਗਈ ਸੀ | ਸਾਨੂੰ ਸਾਰੇ ਬੱਚਿਆਂ ਨੂੰ ਜਿਸ ਗੱਡੀ ਵਿੱਚ ਬਿਠਾਇਆ ਸੀ ਉਸ ਦਾ ਪਤਾ ਨਹੀਂ ਸੀ ਕਿ ਕਿੱਥੇ ਜਾਂਦੀ ਹੈ | ਉਸ ਸਮੇਂ ਸਾਡੇ ਕੋਲ ਪੀਣ ਲਈ ਪਾਣੀ ਵੀ ਨਹੀਂ ਸੀ | ਉਦੋਂ ਤੇਰਾ ਬਾਪੂ ਛੋਟੀ ਗੜਵੀ ਲੈਕੇ ਗੱਡੀ ਦੇ ਥੱਲੇ ਦੀ ਲੰਘਿਆ ਤਾਂ ਅਚਾਂਨਕ ਗੱਡੀ ਚੱਲਣ ਦੀ ਕੂਕ ਸੁਣਾਈ ਦਿੱਤੀ, ਹੌਲ ਤਾਂ ਪਹਿਲਾਂ ਹੀ ਪਏ ਹੋਏ ਸੀ ਉੱਪਰੋਂ ਤੇਰੇ ਬਾਪੂ ਦਾ ਪਤਾ ਨਹੀਂ | ਮੈਂ ‘ਕੱਲੀ ਚਾਰ ਬੱਚਿਆਂ ਸ੍ਮੇਰ ਬਹੁਤ ਘਬਰਾ ਗਈ | ਪਰ ਤੇਰਾ ਬਾਪੂ ਬੜਾ ਦਲੇਰ ਦੇਖਿਆ, ਪਾਣੀ ਦੀ ਗੜਬੀ ਪਤਾ ਨਹੀਂ ਕਿਵੇਂ ਕਿਥੋਂ ਲੈਕੇ ਆਏ| ਉਹ ਵੀ ਬਹੁਤ ਬਿੱਟਰੇ ਹੀ ਸਨ | ਉਹਨਾਂ ਦੀਆਂ ਅੱਖਾਂ ਚੋਣ ਹੰਝੂ ਵਗ ਰਹੇ ਸੀ ਤੇ ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ | ਹਰੇਕ ਦੀ ਜ਼ੁਬਾਨ ‘ਤੇ ਇਹੋ ਸੀ ਕਿ ਪਾਪੀ ਦਰਿੰਦਿਓ ਦੇਸ਼ ਦੇ ਦੁਸ਼ਮਨੋ ਇਹ ਬੱਚਿਆਂ ਦਾ ਕੀ ਕਸੂਰ ? ਭੁੱਖਣ ਭਾਣੇ ਨੇਜਿਆਂ ਤੇ ਟੰਗਾਏ ਸਭ ਭਾਈ ਚਾਰੇ ‘ਕੱਠੇ ਰਹਿੰਦੇ ਸੀ ਤੁਸੀਂ ਦੁਸ਼ਮਨ ਕਿਉਂ ਬਣਾਏ ?
ਇਸ ਤਰਾਂ ਹੀ ਬਜੁਰਗ ਆਲਾ ਸਿੰਘ ਦੇ ਕੁੜਮ ਅਜੀਤ ਸਿੰਘ ਦੇ ਪਿਤਾ ਮੰਗਲ ਸਿੰਘ ਦੇ ਨਾਲ ਗੱਲਬਾਤ ਸਮੇਂ ਪੁੱਛਿਆ ਕਿ ਤੁਹਾਡੇ ਤੇ ਕੀ ਬੀਤੀ ? ਉਹਨਾਂ ਜਵਾਬ ਦਿੱਤਾ ਸਾਡੀ ਕਾਹਦੀ ਜਿੰਦਗੀ | ਇਕੱਠਾ ਪਰਿਵਾਰ ਰਹਿੰਦਾ ਸੀ, ਇੱਕ ਰਾਤ ਕੁਝ ਮਲੰਗ ਦਰਿੰਦੇ ਤੇ ਬਦਮਾਸ਼ ਇਕੱਠੇ ਹੋਕੇ ਵੱਖੋ-ਵੱਖ ਨਾਹਰੇ ਲਾ ਰਹੇ ਸੀ | ਜਦੋਂ ਮੈਂ ਉੱਠਕੇ ਦੇਖਿਆ ਤਾਂ ਉਹਨਾਂ ਦੇ ਵੱਖੋ-ਵੱਖ ਬਾਣੇ ਪਾਏ ਹੋਏ ਸੀ ਉਹਨਾਂ ਕੋਲ ਤਰਾਂ ਤਰਾਂ ਦੇ ਹਥਿਆਰ ਸੀ | ਸਾਡੇ ਬੂਹੇ ਆਕੇ ਆਖਣ ਲੱਗੇ ਮੰਗਲ ਸਿੰਘ ਬਾਹਰ ਆ |  ਜਦੋਂ ਮੈਂ ਬਾਹਰ ਗਿਆ ਤਾਂ ਆਖਣ ਲੱਗੇ, ਤੂੰ ਸਾਡੇ ਨਾਲ ਚੱਲੇਂਗਾ ਜਾਂ ਨਹੀਂ ? ਤਾਂ ਡਰਦੇ ਨੇ ਜਵਾਬ ਦਿੱਤਾ, ਕਿ, ਵੱਡੇ ਭਰਾ ਤੋਂ ਪੁਛ ਲਵਾਂ | ਜਦੋਂ ਮੈਂ ਸਹਿਮੇ ਹੋਏ ਨੇ ਉਸਦਾ ਬੂਹਾ ਖੜਕਾਇਆ ਤਾਂ ਉਹ ਡਰਿਆ ਸਹਿਮਿਆ ਹੋਇਆ ਖੂੰਜੇ ਨਾਲ ਲੱਗਿਆ ਖੜ੍ਹਾ ਸੀ ਉਸ ਨਾਲ ਸਲਾਹ ਮਸ਼ਵਰਾ ਕਰਕੇ ਰਾਤ ਦੇ ਹਨੇਰੇ ਵਿੱਚ ਪਰਿਵਾਰ ਨੂੰ ਲੈਕੇ ਦੂਸਰੀ ਜਗਾਹ ਜਾਣ ਲਈ ਚਾਲੇ ਪਾਤੇ | ਤੇ ਬਾਕੀ ਸਭ ਕੁਦਰਤ ਤੇ ਛੱਡ ਦਿੱਤਾ | ਜੋ ਕੁਝ ਹੋਵੇਗਾ ਠੀਕ ਹੋਵੇਗਾ | ਅੱਗੇ ਰਸਤੇ ਵਿੱਚ ਸਾਨੂੰ ਕੁਝ ਬੰਦੇ ਮਿਲੇ ਉਹਨਾਂ ਪੁੱਛਿਆ ਕੌਣ ਹੋ ਤੁਸੀਂ ਕਿਧਰ ਜਾ ਰਹੇ ਓ ? ਤਾਂ ਜਵਾਬ ਦਿੱਤਾ ਅਸੀਂ ਤਾਂ ਪਰਿਵਾਰਕ ਮੈਂਬਰ ਹਾਂ ਸਾਨੂੰ ਚਾਹੇ ਮਾਰੋ ਚਾਹੇ ਛੱਡੋ | ਉਹਨਾਂ ਨੇਕ ਦਿਲ ਬੰਦਿਆਂ ਨੇ ਸਾਨੂੰ ਕੈੰਪ ਵਿੱਚ ਪੁਚਾ ਦਿੱਤਾ ਉੱਥੇ ਪਹਿਲਾਂ ਹੀ ਅਨੇਕਾ ਉੱਜੜੇ ਪਰਿਵਾਰ ਬੈਠੇ ਸਨ | ਉੱਥੇ ਲੰਗਰ ਪਾਣੀ ਦਾ ਵੀ ਭੋਰਾ ਕੂ ਪ੍ਰਬੰਧ ਸੀ | ਪਰ ਗਰਾਹੀ ਕਿਸੇ ਦੇ ਨਹੀਂ ਸੀ ਲੰਘਦੀ | ਬੱਸ ਡਰ ਸੀ ਸਹਿਮ ਸੀ  ਵਿਛੋੜਾ ਸੀ ਤੇ ਅੰਤਾਂ ਦਾ ਦਰਦ ਸੀ | ਇਸ ਤਰਾਂ ਹੀ ਇੱਕ ਦਿਨ ਵਿੱਦਿਆ ਸਾਗਰ ਭੱਠਲ ਫੈਜੀ ਸਨ ਉਹਨਾਂ ਨਾਲ ਮੁਲਾਕਾਤ ਹੋਈ |ਉਹਨਾਂ ਦੱਸਿਆ ਕੀ ਉਹਨਾਂ ਦੀ ਡਿਊਟੀ ਜਿਆਦਾਤਰ ਬਾਰਡਰ ਉੱਪਰ ਹੀ ਰਹੀ ਸੀ, ਫਿਰ ਦੱਸਿਆ ਜੋ 1947 ਦਾ ਕਤਲੇਆਮ ਸੀ ਉਹਨਾਂ ਵਿੱਚ ਜਿਹੜੇ ਜਾਲਮ ਸਨ ਉਹ ਚਾਹੇ ਕਿਸੇ ਵੀ ਫਿਰਕੇ ਦੇ ਸਨ ਉਹ ਸਭ ਪੰਜਾਬ ਦੇ ਕੋਨੇ ਕੋਨੇ ਤੋਂ ਸਨ | ਮੈਂ ਸਿੰਧ ਤੋਂ ਰਿਟਾਇਰ ਹੋਇਆ ਹਮੇਸ਼ਾ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ |  ਇਸ ਤਰਾਂ ਹੀ ਮੇਰਾ ਤਾਇਆ ਸਿਆਮ ਸਿੰਘ ਜੀ ਵੀ ਹਮੇਸ਼ਾ ਹੱਤਿਆਵਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਕੀ ਸਾਡੇ ਪਿੰਡ ਤੇਲੀਆਂ ਦੀ ਪੱਤੀ ਸੀ ਤੇ ਉਸ ਵਿੱਚ ਇੱਕ ਖੂਹ ਸੀ | ਉਸ ਖੂਹ ਉੱਪਰ ਆਪਣੀ ਪਤਨੀ ਅਤੇ ਪੰਜ ਨੌਜਵਾਨ ਧੀਆਂ ਨੂੰ ਲੈਕੇ ਆਇਆ ਸੀ ਇਸ ਗੱਲ ਤੋਂ ਡਰਦਾ ਕੀ ਨੌਜਵਾਨ ਧੀਆਂ ਨੂੰ ਕਿਸੇ ਨਹੀਂ ਬਖਸ਼ਣਾ ਇਹ ਹਤਿਆਰੇ ਮੇਰੇ ਹੱਥਾਂ ਚੋਂ ਮੇਰੀਆਂ ਧੀਆਂ ਖੋਹਕੇ ਲੈ ਜਾਣਗੇ ਉਸਨੇ ਪਹਿਲਾਂ ਆਪਣੀਆਂ ਪੰਜੇ ਧੀਆਂ ਫੇਰ ਪਤਨੀ ਨੂੰ ਖੂਹ ਵਿੱਚ ਧੱਕਾ ਦਿੱਤਾ ਤੇ ਬਾਅਦ ਵਿੱਚ ਆਪ ਵੀ ਖੂਹ ਛਾਲ ਮਾਰ ਗਿਆ | ਇਸੇ ਤਰਾਂ ਸਾਡੇ ਲਾਗਲੇ ਪਿੰਡ ਸਾਹੋਕੇ ਦਾ ਬੰਦਾ ਉਸ ਨੂੰ ਮਹਿਸੂਸ ਹੋਣ ਲੱਗਾ ਕੀ ਮੈਨੂੰ ਇੱਥੇ ਕਿਸੇ ਨੇ ਨਹੀਂ ਰਹਿਣ ਦੇਣਾ, ਸਾਨੂੰ  ਉੱਜੜਨਾ ਪਵੇਗਾ | ਉਹ ਆਪਨੇ ਬ੍ਲਦ ਤੇ ਬੋਤਾ ਲੈਕੇ ਸਾਡੇ ਪਿੰਡ ਮੰਡੇਰ ਵੱਲ ਨੂੰ ਤੁਰਿਆ ਆਉਂਦਾ ਸੀ ਕਿਉਂਕਿ ਉਸਨੇ ਚੰਦ ਸਿੰਘ ਦਾ 350 ਰੁਪਿਆ ਦੇਣਾ ਸੀ ਉਹ ਇਹ ਬੋਝ ਆਪਨੇ ਸਿਰ ਨਹੀਂ ਰੱਖਣਾ ਚਾਹੁੰਦਾ ਸੀ ਰਸਤੇ ਵਿੱਚ ਕੁਝ ਲਗਾੜੇ ਬੰਦਿਆਂ ਨੇ ਉਸ ਨੂੰ ਘੇਰ ਲਿਆ ਉਸਨੇ ਬਹੁਤ ਮਿੰਨਤਾਂ ਤਰਲੇ ਕੀਤੇ ਕਿ ਮੈਨੂੰ ਇਹ ਬੋਤਾ ਅਤੇ ਬਲਦ ਚੰਦ ਸਿੰਘ ਨੂੰ ਦੇ ਆਉਣ ਦਿਓ ਬਾਅਦ ਚ ਜੋ ਵੀ ਤੁਸੀਂ ਕਰਨਾ ਕਰ ਲੈਣਾ | ਉਹਨਾਂ ਨੇ ਉਸਦੀ ਇੱਕ ਨਾ ਸੁਣੀ ਉਸਨੂੰ ਬਰਸ਼ੇ ਮਾਰ ਮਾਰ ਮਾਰ ਦਿੱਤਾ | ਅਤੇ ਫਿਰ ਨਹਿਰ ਵਿੱਚ ਸੁੱਟ ਦਿੱਤਾ |ਇਸੇ ਤਰਾਂ ਹੀ ਗੁੰਡੇ ਬਣੇ ਪੰਜਾਬੀ ਅਕਸਰ ਹੀ ਨੌਜਵਾਨ ਕੁੜੀਆਂ ਨੂੰ ਚੁੱਕ ਲੈਂਦੇ ਸੀ ਤੇ ਬਾਕੀ ਸਾਰੇ ਟੱਬਰ ਨੂੰ ਮਾਰ ਦਿੰਦੇ ਸੀ | ਕੁੜੀਆਂ ਦੀਆਂ ਲੁੱਟੀਆਂ ਪੱਤਾਂ ਨਹਿਰ ਦਾ ਖਾਇਆ ਬਣਦੀਆਂ ਸਨ | ਨਹਿਰ ਲਾਸ਼ਾਂ ਦੀ ਭਰੀ ਵਗਦੀ ਸੀ | ਸਰਕਾਰ ਨਾਮ ਦੀ ਚੀਜ ਦੇ ਦਰਸ਼ਨ ਨਹੀਂ ਸਨ ਹੁੰਦੇ | ਚਾਹੇ ਗਾਂਧੀ ਚਾਹੇ ਜਿਨਾਹ ਪੰਜਾਬ ਦੇ ਕਤਲੇਆਮ ਦਾ ਜਸ਼ਨ ਮਨਾਉਂਦੇ ਰਹੇ, ਇਹ ਹਕੀਕਤ ਹੁਣ ਵੀ ਉਵੇਂ ਹੀ ਦਿਸਦੀ ਹੈ |
 

-ਗੁਰਮੇਲ ਪ੍ਰਦੇਸੀ
94635-61911

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ ਤਰਜ਼ਮਾਂ ਕੀਤਾ ਹੈ। ਪੰਜਾਬੀ ਵਿੱਚ ਇਸ ਦਾ ਨਾਮ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ' ਰੱਖਿਆ ਗਿਆ ਹੈ। 
ਨਾਵਲ ਦਾ ਪਲਾਟ ਮਿਲਟਰੀ ਸਕੂਲ ਵਿੱਚ ਪੜਦੇ ਕੁਝ ਅੱਲੜ੍ਹ ਮੁੰਡਿਆਂ ਦੀ ਕਹਾਣੀ ਹੈ। ਇਹ ਕਹਾਣੀ ਮਿਲਟਰੀ ਸਕੂਲ ਤੋਂ ਲੈ ਕੇ ਅੰਮ੍ਰਿਤਸਰ ਦੇ ਸਾਕਾ ਨੀਲਾ ਤਾਰਾ ਅਤੇ ਜਰਨੈਲ ਸਿੰਘ ਭਿੰਡਰਾਵਾਲਾ ਦੇ ਸਾਕਾ ਨੀਲਾ ਤਾਰਾ ਵਿੱਚ ਮਾਰੇ ਜਾਣ ਤੋਂ ਲੈ ਕੇ ਮੁਲਕ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੱਕ ਫੈਲੀ ਹੋਈ ਹੈ।ਨਾਵਲ ਦੀ ਕਹਾਣੀ ਮੁੱਖ ਪਾਤਰ ਅੱਪੂ ਦੇ ਸਕੂਲ ਛੱਡਣ ਤੋਂ ਬਾਅਦ ਜ਼ਿੰਦਗੀ ਦੇ ਤੀਹ ਵਰ੍ਹਿਆਂ ਦੇ ਉਨੀਂਦਰੇ ਅਤੇ ਮੌਜੂਦਾ ਸਮੇਂ ਵਿੱਚ ਸਾਕਾ ਨੀਲਾ ਤਾਰਾ ਬਾਰੇ ਪੰਜਾਬੀ ਬੰਦੇ ਦੇ ਜ਼ਿਹਨ ਵਿੱਚ ਪਏ ਸਵਾਲਾਂ ਨਾਲ ਜਾ ਜੁੜਦੀ ਹੈ।ਪਰ ਇਸ ਤੋਂ ਇਲਾਵਾ ਇਹ ਕਹਾਣੀ ਸਾਡੇ ਸਮਿਆਂ ਵਿੱਚ ਨਿੱਤ ਵਾਪਰਦੀਆਂ ਹੋਰਨਾਂ ਘਟਨਾਵਾਂ ਨਾਲ ਵੀ ਸਾਂਝ ਪਾਉਂਦੀ ਹੈ।
ਅਮਨਦੀਪ ਸੰਧੂ ਨੇ ਇੱਕ ਪੰਜਾਬੀ ਹੋਣ ਦੇ ਨਾਤੇ ਸਾਕਾ ਨੀਲਾ ਤਾਰਾ ਤੋਂ ਕੀ ਮਹਿਸੂਸ ਕੀਤਾ ਇਹ ਨਾਵਲ ਉਸ ਦੀ ਪ੍ਰਤੱਖ ਮਿਸਾਲ ਹੈ ਨਾਲ ਹੀ ਇਹ ਨਾਵਲ ਹਰ ਉਸ ਬੰਦੇ ਦੀ ਕਹਾਣੀ ਕਹਿੰਦਾ ਹੈ ਜਿਸ ਨੇ ਉਸ ਦੌਰ ਵਿੱਚ ਸੁਰਤ ਸੰਭਾਲੀ ਜਾ ਜਵਾਨੀ ਦੀ ਦਹਿਲੀਜ਼ ਵਿੱਚ ਪੈਰ ਰੱਖਿਆ।ਜੇ ਮਾਪਿਆਂ ਨੇ ਪੁੱਤ ਗਵਾਏ ਤਾਂ ਦੋਸਤਾਂ ਨੇ ਦੋਸਤ ਵੀ ਗਵਾਏ। ਅੱਪੂ ਵਰਗਿਆਂ ਨੂੰ ਉਨ੍ਹਾਂ ਦੇ ਜੋਗੇ ਵਰਗੇ ਯਾਰ ਕਦ ਮਿਲਣਗੇ? ਇਸ ਦੇ ਪਾਤਰ ਮਿਲਟਰੀ ਸਕੂਲ਼ ਵਿੱਚ ਆਪਣੇ ਆਪ ਨੂੰ ਮੁਲਕ ਦੀ ਸੇਵਾ ਕਰਨ ਦੇ ਅਹਿਦਾਂ ਤੋਂ ਲੈ ਕੇ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਦਾ ਹੱਲ ਕਰਨ ਤੱਕ ਸਕੂਲ ਨਾਲ ਆਪਣੇ ਵੱਖੋ- ਵੱਖਰੇ ਸਬੱਬ ਜੋੜ ਕੇ ਵੇਖਦੇ ਹਨ।ਜੂਨ 1984 ਦਾ ਮਹੀਨਾ ਸਕੂਲ ਦੀਆਂ ਛੁੱਟੀਆਂ ਦਾ ਮਹੀਨਾ ਹੈ।ਮੁੱਖ ਪਾਤਰ ਅੱਪੂ ਅਤੇ ਉਸਦੇ ਦੋਸਤ ਮੁੰਡੇ ਛੁੱਟੀਆਂ ਵਿੱਚ ਆਪਣੇ ਘਰਾਂ ਨੂੰ ਜਾਂਦੇ ਹਨ।ਇਨ੍ਹਾਂ ਦਿਨਾਂ ਵਿੱਚ ਸਾਕਾ ਨੀਲਾ ਤਾਰਾ ਵਾਪਰਦਾ ਹੈ।ਸਿੱਖਾਂ ਦੇ ਮੁਕੱਦਸ ਸਥਾਨ ਉੱਤੇ ਸਰਕਾਰ ਵੱਲੋਂ ਕੀਤਾ ਗਿਆ ਹਮਲਾ ਸਿੱਖਾਂ ਲਈ ਅਸਿਹ ਸੀ। ਇਸ ਹਮਲੇ ਨੇ ਸਿੱਖਾਂ ਦੀ ਭਾਰਤ ਅੰਦਰ ਅਤੇ ਹਿੰਦੂਆਂ ਲਈ ਪੰਜਾਬ ਅੰਦਰ ਹੋਂਦ ਦਾ ਵੱਖਰਾ ਸਵਾਲ ਪੈਦਾ ਕਰ ਦਿੱਤਾ ਸੀ।ਧਾਰਮਿਕ ਅਕੀਦੇ ਆਪਣੀ ਥਾਂ ਸੀ ਪਰ ਸਦੀਆਂ ਦੀ ਚੱਲੀ ਆ ਰਹੀ ਸਾਂਝ ਨੂੰ ਇਸ ਦੌਰ ਵਿੱਚ ਵੱਡਾ ਧੱਕਾ ਲੱਗਿਆ ਸੀ।ਸੜਕਾਂ ਉੱਤੇ ਖੂਨੀ ਖੇਡ ਚੱਲ ਰਹੀ ਸੀ। ਘਰਾਂ, ਸਕੂਲਾਂ ਅਤੇ ਮਨੁੱਖੀ ਮਨਾਂ ਵਿੱਚ ਵੱਡੀਆਂ ਤਬਦੀਲੀਆਂ ਹੋ ਰਹੀਆਂ ਸਨ।ਉਧਰ ਅੱਪੂ ਦਾ ਦੋਸਤ ਜੋਗਾ, ਸਿੱਖ ਹੋਣ ਕਾਰਨ ਮਾਰਿਆ ਗਿਆ ਸੀ। ਜੋਗੇ ਦੀ ਲਾਸ਼ ਨੂੰ ਨਹਿਰ ਵਿੱਚੋਂ ਕੱਢਿਆ ਗਿਆ ਸੀ।ਅੱਪੂ ਨੂੰ ਇਸ ਸਾਕੇ ਨੇ ਡਾਢਾ ਦੁਖੀ ਕੀਤਾ ਸੀ। ਅੱਪੂ ਸਿਰੋਂ ਰੋਡਾ ਸੀ ਅਤੇ ਫੌਜੀ ਸਕੂਲ਼ ਵਿੱਚ ਪੜ੍ਹਦਾ ਹੋਣ ਕਰਕੇ ਸਿੱਖੀ ਸੋਚ ਵਾਲਿਆਂ ਲਈ ਉਸ ਘਟਨਾ ਤੋਂ ਬਾਅਦ ਮਾੜਾ ਹੋ ਗਿਆ ਸੀ।ਅੱਪੂ ਨੂੰ ਖੁਦ ਵੀ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਆਪਣੀ ਪਹਿਚਾਣ ਬਦਲ ਲਈ। ਛੁੱਟੀਆਂ ਖ਼ਤਮ ਕਰਨ ਤੋਂ ਬਾਅਦ ਸਾਰੇ ਜਮਾਤੀ ਸਕੂਲ ਵਿੱਚ ਇਕੱਠੇ ਹੁੰਦੇ ਹਨ ਤਾਂ ਨਵੀਆਂ ਗੱਲਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਅੱਪੂ ਲਈ  ਸਹਿਣਾ ਔਖਾ ਸੀ।ਬਾਹਰਲੀਆਂ ਗੱਲਾਂ ਬਾਹਰ ਨਹੀਂ ਸੀ ਰਹੀਆਂ ਨ੍ਹਾਂ ਨੇ ਬੰਦਿਆਂ ਦੇ ਅੰਦਰਲੇ ਬੰਦੇ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਸੀ। ਇਸ ਬਦਲਾਅ ਦੀ ਜਾਮਨੀ ਅੱਪੂ ਦਾ ਜਮਾਤੀ ਲਾਲਟੈਨ ਭਰਦਾ ਸੀ ਜੋ ਛੁੱਟੀਆਂ ਵਿੱਚ ਹੀ ਅੰਮ੍ਰਿਤ ਛਕ ਕੇ ਗਾਤਰਾ ਪਾ ਆਇਆ ਸੀ ਜਿਸ ਨੂੰ ਉਹ ਲੁਕੋ ਕੇ ਵੀ ਰੱਖਦਾ ਸੀ।ਏ-ਵਨ ਹਿੰਦੂਆਂ ਦਾ ਮੁੰਡਾ ਸੀ ਜਿਸ ਨੂੰ ਲਾਲਟੈਨ ਵਰਗੇ ਸਕੂਲ ਦੇ ਕਾਇਦੇ ਵਿੱਚ ਬੱਝੇ ਹੋਣ ਕਰਕੇ ਕੁਝ ਵੀ ਕਹਿ ਨਹੀਂ ਸੀ ਸਕਦੇ ਪਰ ਉਹ ਬਾਕੀ ਕਸਰ ਕੋਈ ਨਹੀ ਸੀ ਛੱਡਦੇ। ਅੱਪੂ ਸਿੱਖ ਪਰਿਵਾਰ ਵਿੱਚੋਂ ਹੋਣ ਕਰਕੇ ਵੀ ਰੋਡਾ ਸੀ ਜਿਸ ਕਰਕੇ ਲਾਲਟੈਨ ਵਰਗੇ ਉਸ ਨੂੰ ਘਟੀਆ ਸਮਝਦੇ ਹਨ। ਇਸ ਤੋਂ ਇਲਾਵਾ ਜੇ ਏ-ਵਨ ਲੱਡੂ ਦੇ ਹਿੰਦੂਆਂ ਦੇ ਘਰ ਵਿੱਚ ਪੈਦਾ ਹੋ ਕੇ ਸਿੱਖ ਹੋਣ ਦੀ ਮਿਸਾਲ ਪੇਸ਼ ਕਰਦਾ ਹੈ ਤਾਂ ਲਾਲਟੈਨ ਲੱਡੂ ਨੂੰ ਲੰਡੂ ਸਿੱਖ ਗਰਦਾਨਦਾ ਹੈ। ਕਿਉਂ ਕਿ ਲਾਲਟੈਨ ਦੀ ਨਜ਼ਰ ਵਿੱਚ ਸਿਰਫ਼ ਸਿੱਖਾਂ ਦੇ ਘਰ ਪੈਦਾ ਹੋਣਾ ਹੀ ਸਿੱਖ ਹੈ ਅਤੇ ਉਸ ਲਈ ਗਾਤਰਾ ਪਾਇਆ ਹੋਣਾ ਵੀ ਲਾਜ਼ਮੀ ਹੈ।ਲਾਲਟੈਨ ਨੂੰ ਹਰ ਹਿੰਦੂ ਸਿੱਖਾਂ ਦਾ ਦੁਸ਼ਮਣ ਲਗਦਾ ਸੀ ਅਤੇ ਉਹ ਸਾਰੇ ਹਿੰਦੂਆਂ ਨੂੰ ਸਬਕ ਸਿਖਾਉਣ ਲਈ ਗਾਤਰਾ ਪਾ ਕੇ ਆਇਆ ਸੀ।ਸ਼ਾਇਦ ਲਾਲਟੈਨ ਆਪਣਾ ਇਤਿਹਾਸ ਭੁੱਲ ਗਿਆ ਸੀ ਜੋ ਹਿੰਦੂਆਂ ਨੂੰ ਬਚਾਉਣ ਲਈ ਸੀਸ ਕਟਵਾਉਣ ਵਰਗੇ ਕਿੱਸਿਆਂ ਦੀ ਜਾਮਨੀ ਭਰਦਾ ਹੈ। ਉਸ ਇਤਿਹਾਸ ਦਾ ਹੀਰੋ ਗੁਰੂ ਤੇਗ ਬਹਾਦੁਰ ਬਣਦਾ ਹੈ। ਪਰ ਲਾਲਟੈਨ ਨੇ 'ਹਿੰਦ ਦੀ ਚਾਦਰ' ਬਣਨਾ ਨਹੀਂ ਲੋਚਿਆ ਸ਼ਾਇਦ ਇਹ ਤੇਗ ਬਹਾਦੁਰ ਦੇ ਹੀ ਹਿੱਸੇ ਆਇਆ ਸੀ।ਇਹ ਵੀ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਤੇਗ ਬਹਾਦੁਰ ਹੀ ਅਸਲੀ ਸਿੱਖ ਸੀ।
ਸਕੂਲ ਦਾ ਮੋਸਟ ਸੀਨੀਅਰ ਕੈਡਿਟ ਬਲਰਾਜ ਜਿਸਨੂੰ ਕਿ ਸਕੂਲ ਵਿੱਚ ਨਹੀਂ ਹੋਣਾ ਚਾਹੀਦਾ ਸੀ ਉਹ ਵੀ 'ਸਿੱਖ ਕਰਵਾਈਆਂ' ਵਿੱਚ ਸ਼ਾਮਲ ਹੋ ਗਿਆ ਸੀ। ਬਲਰਾਜ ਨੂੰ ਪੁਲੀਸ ਲੱਭ ਰਹੀ ਸੀ ਅਤੇ ਉਸ ਨੇ ਅੱਪੂ ਦਾ ਓਟ ਆਸਰਾ ਸਕੂਲ ਦੀ ਛੱਤ ਹੇਠਾਂ ਲਿਆ ਸੀ।ਬਲਰਾਜ ਦੇ ਨਕਸ਼ੇ ਕਦਮਾਂ ਉੱਤੇ ਚੱਲਣ ਦੀ ਕੋਸ਼ਿਸ਼ ਅੱਖੜ ਅਤੇ ਲਾਲਟੈਨ ਵੀ ਕਰਦੇ ਹਨ। ਮਿਲਟਰੀ ਸਕੂਲ ਦੀ ਹਦੂਦ ਵਿੱਚ ਹਥਿਆਰਾਂ ਦੀ ਆਮਦ ਹੁੰਦੀ ਹੈ ਅਤੇ ਹਦੂਦ ਤੋਂ ਬਾਹਰਲੀ ਮੋਟਰ ਉੱਤੇ ਗੁਪਤ ਮੀਟਿੰਗਾਂ ਹੁੰਦੀਆਂ ਹਨ।ਰਿਵਾਲਵਰ ਦੀ ਨੋਕ ਜਦੋਂ ਲਾਲਟੈਨ ਅਤੇ ਅੱਖੜ ਦਾ ਪਿੱਛਾ ਕਰਨ ਗਏ ਅੱਪੂ ਦੇ ਮੱਥੇ ਉੱਤੇ ਟਿਕਦੀ ਹੈ ਤਾਂ ਉਸ ਦਾ ਸਹਿਮ ਦਹਾਕਿਆਂ ਤੱਕ ਨਹੀਂ ਜਾਂਦਾ।ਇਹ ਨਾਵਲ ਪੜ੍ਹ ਕੇ ਅਹਿਸਾਸ ਹੁੰਦਾ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਇੰਦਰਾ ਗਾਂਧੀ ਦੀ ਲੜਾਈ ਦਰਮਿਆਨ ਨੁਕਸਾਨ ਕਿਸਦਾ ਹੋਇਆ? ਸੰਤਾਪ ਕਿਸਨੇ ਭੁਗਤਿਆ? ਬਲਰਾਜ ਵਰਗਿਆਂ ਦੀ ਹੋਣੀ ਕਿਸਨੇ ਤੈਅ ਕੀਤੀ? ਡਰ ਅਤੇ ਸਹਿਮ ਨਾਲ ਸਰਾਪੀਆਂ ਰੂਹਾਂ ਦਾ ਚੈਨ ਕੌਣ ਵਾਪਿਸ ਕਰੇਗਾ? ਇਨ੍ਹਾਂ ਸਾਰੀਆਂ ਗੱਲਾਂ ਦਰਮਿਆਨ ਹੀ ਸਕੂਲ ਦੀਆਂ ਅੰਦਰਲੀਆਂ ਗੱਲਾਂ ਜਿਵੇਂ ਸਕੂਲ ਅੰਦਰ ਸੀਨੀਅਰਾਂ ਦੁਆਰਾ ਜੂਨੀਅਰਾਂ ਦੀ ਰੈਗਿੰਗ ਅਤੇ ਜੂਨੀਅਰਾਂ ਤੋਂ ਇਲਾਵਾ ਆਪਣੇ ਨਾਲ ਵਾਲਿਆਂ ਉੱਪਰ ਵੀ ਗਲਬਾ ਅਖ਼ਤਿਆਰ ਕਰਨ ਲਈ ਲਾਲਟੈਨ ਅਤੇ ਅੱਖੜ ਵਰਗਿਆਂ ਦੁਆਰਾ ਲੱਡੂ ਅਤੇ ਕੁਲਦੀਪ ਵਰਗਿਆਂ ਨਾਲ ਧੱਕੇ ਨਾਲ ਬਣਾਏ ਜਾਂਦੇ ਜਿਸਮਾਨੀ ਸਬੰਧ ਸਰਕਾਰ ਅਤੇ ਸਿੱਖਾਂ ਦੇ ਸਬੰਧਾਂ ਦੀ ਪੜਚੋਲ ਕਰਨ ਵਿੱਚ ਸਹਾਈ ਹੁੰਦੇ ਹਨ। ਪੂਰਾ ਨਾਵਲ ਪੜ੍ਹ ਕੇ ਪਤਾ ਲਗਦਾ ਹੈ ਕਿ ਹਮਲਾਵਰਾਂ ਨੇ ਹਮਲਾ ਕਰਕੇ ਬਿਲਕੁਲ ਉਹੀ ਕੀਤਾ ਸੀ ਜੋ ਲਾਲਟੈਨ ਨੇ ਲੱਡੂ ਨਾਲ ਕੀਤਾ। 
ਵੱਖਰੇ ਢੰਗ ਅਤੇ ਨਵੀਆਂ ਪੇਸ਼ਬੰਦੀਆਂ ਦੇ ਨਾਲ 1984 ਅਤੇ ਪੰਜਾਬ ਦੇ ਕਾਲੇ ਦੌਰ ਦੀ ਬਾਤ ਪਾਉਂਦੇ ਇਸ ਨਾਵਲ ਦਾ ਤਰਜ਼ਮਾ ਕਾਫ਼ੀ ਹੱਦ ਤੱਕ ਸੋਹਣਾ ਹੋਇਆ ਹੈ। ਪੰਜਾਬੀ ਵਿੱਚ ਪਹਿਲਾਂ ਵੀ ਸਾਕਾ ਨੀਲਾ ਤਾਰਾ ਅਤੇ ਪੰਜਾਬ ਦੇ ਦੁਖਾਂਤ ਬਾਬਤ ਸਾਹਿਤ ਲਿਖਿਆ ਗਿਆ ਹੈ ਪਰ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ' ਦੀ ਪੇਸ਼ਕਾਰੀ ਪੰਜਾਬੀ ਪਾਠਕ ਲਈ ਨਵਾਂ ਦੇਣ ਵਾਲੀ ਹੈ। ਦਲਜੀਤ ਅਮੀ ਨੇ ਤਰਜ਼ਮਾ ਕਰਨ ਵੇਲੇ ਨਾਵਲ ਦੇ ਵੱਖ-ਵੱਖ ਕਾਂਡਾਂ ਨੂੰ ਪੰਜਾਬ ਦੇ ਸਿਰਮੌਰ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਦੀਆਂ ਕਵਿਤਾਵਾਂ ਵਿੱਚੋਂ ਲਾਈਨਾਂ ਲੈ ਕੇ ਨਾਮ ਦਿੱਤਾ ਹੈ। ਬਕੌਲ ਦਲਜੀਤ ਅਮੀ ਤਰਜ਼ਮਾ ਕਰਨ ਵੇਲੇ ਇਹ ਸਭ ਤੋਂ ਵਧੀਆ ਮੌਕਾ ਸੀ ਕਿ ਆਪਣੇ ਪੁਰਖਿਆਂ ਨੂੰ ਮਿਲ ਕੇ ਕਵਿਤਾ ਲਿਖਣ ਲਈ ਅਵਾਜ਼ ਮਾਰੀ ਜਾਂਦੀ। ਦਲਜੀਤ ਅਮੀ ਨੇ ਬਾਕਾਇਦਾ ਨਾਵਲ ਦਾ ਤਰਜ਼ਮਾ ਕਰਕੇ ਕਵਿਤਾ ਵਰਗੀ ਬੋਲੀ ਰਾਹੀਂ ਪੰਜਾਬੀ ਸਾਹਿਤ ਨੂੰ ਇੱਕ ਨਵੀਂ ਚੀਜ਼ ਦਿੱਤੀ ਹੈ।ਇਹ ਵੀ ਇੱਕ ਤੱਥ ਹੈ ਕਿ ਪਾਸ਼ ਨੂੰ ਵੀ ਉਸ ਦੌਰ ਦਾ ਸ਼ਿਕਾਰ ਹੋਣਾ ਪਿਆ ਜੋ ਪੰਜਾਬ ਦੇ ਮੱਥੇ 'ਤੇ ਅੱਜ ਵੀ ਕਲੰਕ ਵਾਂਗ ਲੱਗਿਆ ਹੋਇਆ ਹੈ। ਉਹ ਦੌਰ ਕਈਆਂ ਲਈ ਸੱਤ੍ਹਾ ਨੂੰ ਬਰਕਰਾਰ ਕਰਨ ਲਈ ਵਰਤੇ ਗਏ ਚੰਗੇ ਮਾੜੇ ਹੀਲਿਆਂ ਵਸੀਲਿਆਂ ਦਾ ਦੌਰ ਸੀ ਅਤੇ ਕਈਆਂ ਲਈ ਅਣਖ਼ ਅਤੇ ਇੱਜਤ ਦੀ ਰਾਖੀ ਕਰਨ ਦਾ ਤਹੱਈਆ। ਇਸ ਤੋਂ ਇਲਾਵਾ ਕਈਆਂ ਲਈ ਨੌਕਰੀਆਂ ਅਤੇ ਰੁਤਬਿਆਂ ਦੀ ਚਾਹਤ ਨੂੰ ਪ੍ਰਵਾਨ ਚੜ੍ਹਾਉਣ ਦਾ ਸੁਨਿਹਰੀ ਸਬੱਬ ਵੀ ਇਹੀ ਦੌਰ ਸੀ। 
ਮੌਜੂਦਾ ਦੌਰ ਵਿੱਚ ਅੱਪੂ ਕੀ ਸੋਚਦਾ ਹੈ ਅਤੇ ਬਲਰਾਜ ਵਰਗਿਆਂ ਦੀ ਹੋਣੀ ਤੈਅ ਕਰਨ ਵਾਲੇ ਕੀ ਸੋਚਦੇ ਹੋਣਗੇ ਇਹੀ ਸਾਡੇ ਹੁਣ ਦੇ ਸਮਿਆਂ ਦਾ ਸਵਾਲ ਹੈ। ਏ-ਵਨ ਦਹਾਕਿਆਂ ਬਾਅਦ ਅੱਪੂ ਨੂੰ ਮਿਲਦਾ ਹੈ ਅਤੇ ਸਿਰੇ ਦੀ ਇੱਕ ਸੁਣਾਉਂਦਾ ਹੈ ਕਿ " ਅੱਪੂ ਪਰਵਾਹ ਕੌਣ ਕਰਦੈ? ਕੋਈ ਨਜ਼ਰੀਆ ਤੇਰੀ ਕਲਪਨਾ ਤੋਂ ਵੱਡਾ ਨੀ ਹੋ ਸਕਦਾ। ਤੂੰ ਕਹਾਣੀ ਉਸੇ ਤਰ੍ਹਾਂ ਲਿਖੇਂਗਾ ਜਿਵੇਂ ਤੈਨੂੰ ਇਹ ਪਤੈ।" ਸੱਚਮੁੱਚ ਅਮਨਦੀਪ ਸੰਧੂ ਨੇ ਕਹਾਣੀ ਨੂੰ ਉਸੇ ਤਰ੍ਹਾਂ ਲਿਖਿਐ ਜਿਵੇਂ ਉਸ ਨੂੰ ਪਤਾ ਹੈ ਅਤੇ ਦਲਜੀਤ ਅਮੀ ਨੇ ਇਸ ਦਾ ਤਰਜ਼ਮਾ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਦੀ ਕਹਾਣੀ ਉਸ ਨੂੰ ਪਤਾ ਸੀ।

ਬਿੰਦਰਪਾਲ ਫ਼ਤਿਹ
ਸੰਪਰਕ -94645-10678