Skip to main content

ਮਿੰਦਰਪਾਲ ਭੱਠਲ ਦੀਆਂ ਕਵਿਤਾਵਾਂ



ਦਿੱਲੀ ਦਾ ਰੰਗ    


ਫਿੱਕਾ ਰਹੇ ਕਿਉਂ ਆਨੰਦਪੁਰ ਦਾ ਰੰਗ
ਜਦੋਂ ਦਿੱਲੀ ਦਾ ਰੰਗ ਉਹੀ ਹੈ |
ਉਹੀ ਹੈ ਅਜੇ ਤੱਕ ਜ਼ੁਲਮ ਦਾ ਰੰਗ
ਉਹੀ ਹੈ ਜ਼ਾਲਮ ਦੀ ਤਲਵਾਰ ਦਾ ਰੰਗ
ਉਹੀ ਹੈ ਤਲਵਾਰ ਤੇ ਲੱਗੇ ਖੂਨ ਦਾ ਰੰਗ
ਗੱਲ ਕੀ ਸਮੁੱਚੀ ਦਿੱਲੀ ਦਾ ਰੰਗ ਉਹੀ ਏ|

ਹਿਮਾਲਾ ਤੋਂ ਲੈ ਕੇ ਕੰਨਿਆਕੁਮਾਰੀ ਤੱਕ
ਪਸਰ ਗਿਆ ਹੈ ਸਰਹੰਦ ਦਾ ਖੇਤਰਫ਼ਲ |
ਮੋਗੇ ਤੋਂ ਕਲਕੱਤੇ ਤੱਕ ਕੰਧਾਂ ਹੀ ਕੰਧਾਂ ਨੇ
ਅਣਗਿਣਤ ਕੰਧਾਂ .....
ਕੰਧਾਂ ਕਿ ਜਿੰਨ੍ਹਾਂ ਦੀਆਂ ਨੀਹਾਂ ਚ ਚਿਣੇ ਜਾਂਦੇ
ਸਾਹਿਬਜ਼ਾਦੇ ਹਰ ਰੋਜ਼ |
ਕੰਧਾਂ ਕਿ ਜਿਹੜੀਆਂ ਹੋਰ ਉੱਚੀਆਂ ਹੁੰਦੀਆਂ ਜਾਵਣ
ਦਿਨ.....ਬ.....ਦਿਨ |
ਇੰਨੀ ਵਧ ਗਈ ਬੂਟਾਂ ਦੀ ਦਗੜ ਦਗੜ
ਮਾਛੀਵਾੜੇ ਦੇ ਇਰਦ ਗਿਰਦ
ਕਿ ਕਿਸੇ ਬੱਚੇ ਨੂੰ ਲਤੜ ਕੇ ਲੰਘ ਜਾਣਾ
ਕੋਈ ਅਣਹੋਣੀ ਨਹੀ |

ਜ਼ਫਰਨਾਮਿਆਂ ਦੇ ਲੇਖਕ
ਪਲ ਰਹੇ ਨੇ ਸਕਿਉਰਟੀ ਐਕਟ ਦੀ ਗੋਦੀ ਵਿੱਚ
ਹੁਣ ਉਨ੍ਹਾਂ ਦੇ ਪਿੰਡੇ ਤੇ ਸੂਲਾਂ ਨਹੀ
ਤੱਤੇ ਸਰੀਏ ਖੁਭਦੇ ਨੇ |
ਪਰ ਜ਼ੁਲਮ ਨਾਲ ਜੁੜੇ ਹੱਥ ਕਦੋਂ ਟਿਕਦੇ ਨੇ
ਦਾਅ ਲਗਦਾ ਹੈ ਜੇਲ੍ਹ ਦੀਆਂ ਕੰਧਾਂ ਤੇ ਲਿਖਦੇ ਨੇ
ਸੂਲ ਸੁਰਾਹੀ ਖੰਜਰ ਪਿਆਲਾ,
ਵਿੰਗ ਕਸਾਈਆਂ ਦਾ ਸਹਿਣਾ!
ਯਾਰੜੇ ਦਾ ਸਾਨੂੰ ਸੱਥਰ ਚੰਗਾ,
ਭੱਠ ਖੇੜਿਆਂ ਦਾ ਰਹਿਣਾ !
ਨੀਲੇ ਕੱਪੜਿਆਂ ਚ ਕੈਦ
ਖਾਲਸੇ ਦਾ ਰੰਗ ਉੱਡ ਪੁੱਡ ਚੁੱਕਾ ਹੈ|
ਚਿੜੀਆਂ ਨੂੰ ਬਾਜ਼ ਲੜਾਉਣ ਦੀ ਥਾਂ
ਲੜਾ ਰਹੇ ਨੇ ਉਹ ਅੱਜ ਕੱਲ੍ਹ
ਮੱਖੀਆਂ ਨੂੰ ਮੱਛਰ ਦੇ ਨਾਲ |
ਚਮਕੌਰ ਦੀ ਗੜ੍ਹੀ ਹੈ ਉਹਨਾਂ ਲਈ
ਗੁਰੂਦੁਆਰੇ ਦਾ ਲੰਗਰ|

ਜੇ ਉਨ੍ਹਾਂ ਕਦੀ ਕੋਈ ਸੁਭ ਕਰਮਨ ਵੀ ਕੀਤਾ ਹੈ
ਬੱਸ ਇਹੋ ਕੀਤਾ ਹੈ
ਕਿ ਸੁੱਖਾ ਘੋਟ ਕੇ ਪੀਤਾ ਹੈ
ਜੇ ਭੁੱਲ ਕੇ ਉਹ ਕਦੇ ਤੇਰੀ ਗਲੀ ਆਉਂਦੇ ਨੇ,
ਸੀਸ ਤਲੀ ਤੇ ਨਹੀ ਪੱਗੜ ਚ ਲਪੇਟ ਕੇ ਲਿਆਉਂਦੇ ਨੇ ,
ਯਾਰੜੇ ਦੇ ਸੱਥਰ ਨਾਲੋਂ ਚੰਗਾ ਹੈ
ਉਨ੍ਹਾਂ ਲਈ ਅਸੈਂਬਲੀ ਦਾ ਹਾਲ |

ਕੋ ਕਾਹੂੰ ਕੋ ਰਾਜ਼ ਨਾ ਦੇਹਿ|
ਜੋ ਲੇਹਿ ਨਿਜ਼ ਬਲ ਸੇ ਲੇਹਿ |
ਇਹੀ ਜਿਹੇ ਸ਼ਬਦ ਉਨ੍ਹਾਂ ਨੂੰ ਤੇਰੇ ਨਹੀ
ਕਿਸੇ ਮਾਉ ਦੇ ਲਗਦੇ ਨੇ
ਤੇ ਤੇਰੇ ਪੁੱਤਰਾਂ ਨੂੰ ਉਹ ਬਦੇਸ਼ੀ ਏਜੰਟ ਸੱਦਦੇ ਨੇ |
ਪਰ ਕਲਗੀਧਰ !
ਸੱਚ ਦਾ ਕੋਈ ਰੰਗ ਨਹੀ ਹੁੰਦਾ
ਨਾ ਨੀਲਾ ਨਾ ਖੱਟਾ
ਸੱਚ ਤੇ ਮਾਰ ਆਉਂਦੀ ਹੈ
ਸੱਚ ਬਗਾਵਤ ਕਰਦਾ ਹੈ
ਸੱਚ ਨੰਗੇ ਧੜ ਲੜਦਾ ਹੈ
ਕਦੇ ਕਲਮ ਦੇ ਨਾਲ
ਕਦੇ ਤਲਵਾਰ ਦੇ ਨਾਲ
ਬੇਸ਼ੱਕ ਅਸੀਂ ਛਕਿਆ ਨਹੀ ਬਾਟੇ ਦਾ ਅੰਮ੍ਰਿਤ
ਖਾਲਾਂ ਦਾ ਪਾਣੀ ਹੀ ਪੀਤਾ ਹੈ |
ਬੇਸ਼ੱਕ ਅਸੀਂ ਚੱਖੀ ਨਹੀ ਤਿੰਨ ਮੇਲ ਦੀ ਦੇਗ
ਬਾਜਰੇ ਦੀ ਰੋਟੀ ਹੀ ਖਾਧੀ ਹੈ |
ਬੇਸ਼ੱਕ ਸਾਨੂੰ ਕੀਤਾ ਨਹੀ ਆਨੰਦਪੁਰ ਨੇ ਸੂਚਿਤ
ਪਰ ਦਿਲ ਚੋਂ ਤਾਂ ਆਵਾਜ਼ ਉੱਠੀ ਹੈ
ਕਿ ਅਬ ਜੂਝਣ ਕਾ ਦਾਓ ਹੈ
ਤੇ ਸਾਡੇ ਮਨ ਪ੍ਰੇਮ ਖੇਲਣ ਕਾ ਚਾਓ ਹੈ
ਤੇ ਅਸੀਂ ਤੇਰੀ ਗਲੀ ਆਏ ਹਾਂ |
ਆਹ ਲੈ! ਸਾਡਾ ਸੀਸ
ਤਲੀ ਤੇ ਧਰ ਲਿਆਏ ਹਾਂ |
ਪਿਆਰਿਆਂ ਦੀ ਚੋਣ ਤੂੰ
ਫਿਰ  ਕਰ ਲਵੀਂ ......
ਦਿੱਲੀ ਦਾ ਰੰਗ ਬਦਲਣ ਤੋਂ ਬਾਅਦ|
ਦਿੱਲੀ ਦਾ ਰੰਗ ਬਦਲਣ ਤੋਂ ਬਾਅਦ|

ਸਾਮਰਾਜੀ ਹੋਕਾ

ਧਰਤੀ ਦੇ ਹਰ ਉਸ ਟੁਕੜੇ ਨੂੰ
ਐਟਮ ਸੰਗ ਝੁਲਸ ਦਿਉ
ਜਿਸ ਵਿੱਚੋਂ ਉਪਜਦਾ ਏ
ਅੱਗ ਦੀ ਗੱਲ ਕਰਨ ਵਾਲਾ ਮਨੁੱਖ |

ਹਰ ਉਸ ਕਲਮ ਨੂੰ ਤੋੜ ਦਿਉ
ਹਰ ਉਸ ਸ਼ਬਦ ਦੀ ਸੰਘੀ ਘੁੱਟ ਦਿਉ
ਜਿੰਨ੍ਹਾਂ ਤੋਂ ਖਤਰਾ ਹੈ
ਨਵਾਂ ਇਤਿਹਾਸ ਸਿਰਜਣ ਦਾ |

ਵੀਅਤਨਾਮ ਦੇ ਅਸਫਲ ਤਜਰਬੇ ਤੇ
ਦਿਲ ਨਾਂ ਸੁੱਟੋ! ਹੌਂਸਲਾ ਰੱਖੋ!
ਕੋਈ ਹੋਰ ਪ੍ਰਯੋਗਸ਼ਾਲਾ ਲੱਭ ਲਓ
ਜਿੱਥੇ ਬਾਰੂਦ ਰੀਐਕਸ਼ਨ ਨਹੀ ਕਰਦਾ



ਸਾਹਿਤਿਕ ਵਪਾਰੀਆਂ ਨੂੰ

ਅਰਥ ਜੋ-
ਸਪਸ਼ਟ ਕਹੇ ਜਾ ਸਕਦੇ ਨੇ
ਰੰਗੀਨ ਸ਼ਬਦਾਂ ਚ ਲਪੇਟ ਕੇ
ਪੇਸ਼ ਕਰਨ ਦੀ ਲੋੜ ਕੀ?
ਗੰਢਿਆਂ ਦਾ ਰਸ
ਕੈਪਸੂਲਾਂ ਚ ਭਰਕੇ
ਬਥੇਰਾ ਧੋਖਾ ਦੇ ਚੁੱਕੀਆਂ
ਬ੍ਰਿਟਿਸ਼ ਕੰਪਨੀਆਂ|

ਤੀਹ ਰੁਪਏ ਰੋਜ਼ ਤੇ
ਵਿਕਣ ਵਾਲੇ ਲੋਕ
ਕਿੱਥੋਂ ਲੈਣਗੇ ਤਿੰਨ ਸੌ
ਖਰੀਦਣ ਲਈ ਸ਼ਬਦ-ਕੋਸ਼|
ਤੁਹਾਡੇ ਸ਼ਬਦਾਂ ਦੇ ਅਰਥ ਵੇਖਣ ਲਈ|


ਪੁਰਜ਼ੇ
ਜੇ ਮੈਥੋਂ ਕੋਈ ਪੁੱਛੇ....
ਕਿ ਵਿੱਦਿਅਕ ਸੰਸਥਾਂਵਾਂ ਦੇ ਕੀ ਮਾਹਨੇ ਹੁੰਦੇ ਨੇ...

ਮੈਂ ਕਹਾਂਗਾ....
ਫੈਕਟਰੀਆਂ ਹੁੰਦੀਆਂ ਨੇ ਜਾਂ ਕਾਰਖਾਨੇ ਹੁੰਦੇ ਨੇ
ਜਿਨ੍ਹਾ 'ਚ ਸਰਕਾਰੀ ਮਸ਼ੀਨਰੀ ਦੇ
ਪੁਰਜ਼ੇ ਬਣਾਏ ਜਾਂਦੇ ਨੇ
ਰੇਤੀ ਮਾਰੀ ਜਾਂਦੀ ਹੈ
ਘਾਸੇ ਪਾਏ ਜਾਂਦੇ ਨੇ
'ਪੈਕਿੰਗ' ਕੀਤੀ ਜਾਂਦੀ ਹੈ
'ਲੇਵਲ' ਲਾਏ ਜਾਂਦੇ ਨੇ
ਖੋਦਿਆ ਜਾਂਦਾ ਹੈ ਪੁਰਜ਼ੇ 'ਤੇ
ਮੇਡ ਇਨ ਯੂਨੀਵਰਸਿਟੀ ਪੁਰਜ਼ਾ
ਕੀਮਤ ਨੌਂ ਸੌ ਰੁਪਿਆ
'ਲੋਕਲ' ਟੈਕਸ ਐਕਸਟਰਾ

ਇਹ ਕਾਰਖਾਨਿਆਂ 'ਚ ਨੁਕਸ ਹੈ
ਜਾਂ ਮਜ਼ਦੂਰ ਦੀ ਅਣਗਹਿਲੀ...
ਕਿ ਪੁਰਜ਼ੇ ਜਦ ਮੰਡੀ 'ਚ ਜਾਂਦੇ ਨੇ
ਸਿਰਫ 5 % ਹੀ ਆਪਣੀ ਕੀਮਤ ਪੁਆਉਂਦੇ ਨੇ
ਬਾਕੀ ਅਨਫਿਟ ਹੋ ਜਾਂਦੇ ਨੇ
ਉਹਨਾਂ ਨੂੰ ਸਿਕਲੀਗਰ ਲੈ ਜਾਂਦੇ ਨੇ
ਉਨ੍ਹਾਂ ਦੇ ਬੱਠਲ਼ ਬਣਾਉਂਦੇ ਨੇ
ਬੱਠਲ਼ 'ਚ ਗੋਹਾ ਪਾਉਂਦੇ ਨੇ
'ਬੱਠਲ਼' ਬੜਾ ਸ਼ਰਮਾਉਂਦੇ ਨੇ
ਜਦੋਂ ਕੋਲੋਂ ਦੀ ਇੰਜਣ ਲੰਘ ਜਾਂਦੇ ਨੇ...

ਜੇ ਤੁਸੀਂ ਇਹਨਾਂ ਸੰਸਥਾਂਵਾਂ ਦੇ
ਜਨਮਦਾਤਿਆਂ ਤੋਂ ਇਹਨਾਂ ਦੇ ਮਾਹਨੇ ਪੁੱਛੋ ...
ਉਹ ਕਹਿਣਗੇ .... ਇਹ ਡੂੰਘੇ ਸਮੁੰਦਰ ਨੇ
ਜਿੱਥੇ ਹੰਸ ਮੋਤੀ ਚੁਗਦੇ ਨੇ .......
ਇਹ ਬਹਾਰਾਂ ਦੇ ਗੁਲਸ਼ਨ ਨੇ
ਜਿੱਥੇ ਗੁਲਾਬ ਉੱਗਦੇ ਨੇ .....
ਜੋ ਇਕੇਰਾਂ ਇਨ੍ਹਾਂ 'ਚੋਂ ਗੁਜ਼ਰ ਜਾਂਦਾ ਏ
ਉਹ ਰੁਤਬੇ ਪਾਉਂਦਾ ਏ
ਜ਼ਿੰਦਗੀ ਸਫਲ ਬਣਾਂਦਾ ਏ......

ਪਰ ਉਹਨਾਂ ਤੋਂ ਇਹ ਤਾਂ ਪੁੱਛੋ
ਕਿ ਅਰਥਸਾਸ਼ਤਰ ਦਾ 'ਕੀਮਤ ਸਿਧਾਂਤ'
ਕਿਥੋਂ ਦੀ ਲੰਘਦਾ ਹੈ
ਜਦੋਂ ਕੋਈ ਕਿੱਲੋ ਖੰਡ ਦੇ
ਸਾਢ਼ੇ ਪੰਦਰਾਂ ਮੰਗਦਾ ਹੈ..
ਉਹਨਾਂ ਤੋਂ ਇਹ ਤਾਂ ਪੁੱਛੋ
ਕਿ ਕਿੱਥੇ ਛੁਪ ਜਾਂਦੀ ਏ
ਵਿਧਾਨ ਦੀ 'ਉਨਤਾਲੀਵੀਂ ਧਾਰਾ'
ਰਿਕਸ਼ੇ ਵਾਲੇ ਨੂੰ ਕੁਚਲ ਕੇ
ਲੰਘ ਜਾਂਦਾ ਜਦੋਂ ਕਾਰ ਵਾਲਾ

ਪਰ ਉਹ ਕੀ ਦੱਸਣਗੇ
ਉਹ ਤਾਂ ਜਿਉਂਦੇ ਹੀ ਮੁਰਦੇ ਨੇ
ਉਹਨਾਂ ਬਾਂਗ ਕੀ ਦੇਣੀ ਹੈ
ਉਹ ਤਾਂ ਗੂੰਗੇ ਮੁਰਗੇ ਨੇ
ਸਰਕਾਰੀ ਮਸ਼ੀਨਰੀ '
ਫਿਟ ਆਏ ਹੋਏ ਪੁਰਜ਼ੇ ਨੇ
ਬੱਸ ਜਰਾ ਕੁ ਖੜਕਦੇ ਨੇ
ਜਦੋਂ ਉਹ ਤੁਰਦੇ ਨੇ |

ਥੋੜ੍ਹੇ ਦਿਨ ਹੋਰ ਉਡੀਕੋ
ਤੁਹਾਨੂੰ ਖੁਦ ਪਤਾ ਲਗ ਜਾਵੇਗਾ
ਜਦੋਂ ਤੁਸੀਂ ਪੁਰਜ਼ੇ ਬਣ ਜਾਵੋਗੇ
ਸੁਪੀਰੀਅਰ ਕੁਆਲਿਟੀ
ਦਾ ਲੇਵਲ ਲਾਵੋਗੇ...
ਪਰ ਜਦੋਂ ਮੰਡੀ ਵਿਚ ਜਾਵੋਗੇ
ਓਥੇ ਵਿਕ ਨਹੀਂ ਪਾਵੋਗੇ,
ਅਣਫਿੱਟਾਂ ਵਾਲੇ ਡੱਬੇ '
ਸੁੱਟ ਦਿੱਤੇ ਜਾਵੋਗੇ

ਹੁਣ ਜੇ ਤੁਹਾਨੂੰ ਕੋਈ
ਸਿਕਲੀਗਰ ਵੀ ਲੈ ਜਾਵੇਗਾ
ਉਹ ਵੀ ਘਾਟੇ 'ਚ ਹੀ ਆਵੇਗਾ
ਕਿ ਜਦੋਂ ਤੁਹਾਡਾ 'ਬੱਠਲ਼' ਬਣਾਵੇਗਾ
ਲੋਹਾ ਘਟ ਜਾਵੇਗਾ
ਉਹ ਥੱਲਾ ਕਿਥੋਂ ਲਾਵੇਗਾ
ਚੁੱਕ ਕੇ ਹੀ ਪਛਤਾਵੇਗਾ
ਕਿਸੇ ਰੂੜੀ 'ਤੇ ਸੁੱਟ ਆਵੇਗਾ

ਹੁਣ ਤੁਸੀਂ ਗੰਦ 'ਚ ਰੁਲ਼ੀ ਜਾਵੋਗੇ
ਜੇ ਸੜਕ 'ਤੇ ਆਵੋਗੇ
ਤਾਂ ਠੇਡੇ ਖਾਵੋਗੇ...

ਓ ਅਧਬਣੇ ਪੁਰਜ਼ਿਓ
ਸਾਂਚਿਆਂ 'ਚੋਂ ਬਾਹਰ ਆਵੋ
ਕੁਠਾਲ਼ੀ 'ਚ ਡਿੱਗ ਪਵੋ
ਹਥੌੜੇ ਬਣ ਜਾਵੋ |
ਉਸ ਢਾਂਚੇ 'ਤੇ ਕਰਾਰੀ ਸੱਟ ਲਾਵੋ
ਜੋ ਕੱਚ ਦਾ ਬਣਿਆ ਹੈ
ਜਿਸ ਇਹ ਸਭ ਕੁਝ ਜਣਿਆਂ ਹੈ|
 

Comments

Popular posts from this blog

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸ

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ। ਰ

ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ | ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ